ਭਾਜਪਾ ਨੇ 5 ਸੂਬਿਆਂ ਲਈ ਨਿਯੁਕਤ ਕੀਤੇ ਚੋਣ ਇੰਚਾਰਜ, ਜਾਣੋ ਕਿਸ ਨੂੰ ਮਿਲੀ ਕਿਹੜੇ ਸੂਬੇ ਦੀ ਜ਼ਿੰਮੇਵਾਰੀ

ਨਵੀਂ ਦਿੱਲੀ- ਭਾਜਪਾ ਨੇ 5 ਸੂਬਿਆਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ 2022 ’ਚ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਚੋਣਾਂ ਲਈ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਚੋਣ ਇੰਚਾਰਜ ਨਿਯੁਕਤ ਕੀਤਾ ਹੈ, ਜਦੋਂ ਕਿ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਉੱਤਰ ਪ੍ਰਦੇਸ਼ ’ਚ ਧਰਮੇਂਦਰ ਪ੍ਰਧਾਨ ਨਾਲ ਕੇਂਦਰੀ ਮੰਤਰੀਆਂ ਅਨੁਰਾਗ ਸਿੰਘ ਠਾਕੁਰ, ਅਰਜੁਨ ਰਾਮ ਮੇਘਵਾਲ, ਸ਼ੋਭਾ ਕਰੰਦਲਾਜੇ, ਅੰਨਪੂਰਨਾ ਦੇਵੀ ਤੋਂ ਇਲਾਵਾ ਪਾਰਟੀ ਜਨਰਲ ਸਕੱਤਰ ਸਰੋਜ ਪਾਂਡੇ, ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਭਿਮਨਿਊ ਅਤੇ ਰਾਜ ਸਭਾ ਸੰਸਦ ਮੈਂਬਰ ਵਿਵੇਕ ਠਾਕੁਰ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਨੇ ਚੋਣਾਵੀ ਰੂਪ ਨਾਲ ਸਭ ਤੋਂ ਅਹਿਮ ਇਸ ਸੂਬੇ ’ਚ ਖੇਤਰਵਾਰ 6 ਸੰਗਠਨ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਹੈ। ਲੋਕ ਸਭਾ ਦੇ ਮੈਂਬਰ ਸੰਜੇ ਭਾਟੀਆ ਨੂੰ ਪੱਛਮੀ ਉੱਤਰ ਪ੍ਰਦੇਸ਼, ਬਿਹਾਰ ਦੇ ਵਿਧਾਇਕ ਸੰਜੀਵ ਚੌਰਸੀਆ ਨੂੰ ਬ੍ਰਜ ਖੇਤਰ, ਭਾਜਪਾ ਦੇ ਰਾਸ਼ਟਰੀ ਸਕੱਤਰ ਸੱਤਿਆ ਕੁਮਾਰ ਨੂੰ ਅਵਧ ਖੇਤਰ, ਰਾਸ਼ਟਰੀ ਸਹਿ ਖਜ਼ਾਨਚੀ ਸੁਧੀਰ ਗੁਪਤਾ ਨੂੰ ਕਾਨਪੁਰ ਖੇਤਰ, ਰਾਸ਼ਟਰੀ ਸਕੱਤਰ ਅਰਵਿੰਦ ਮੇਨਨ ਨੂੰ ਗੋਰਖਪੁਰ ਅਤੇ ਉੱਤਰ ਪ੍ਰਦੇਸ਼ ਦੇ ਸਹਿ ਇੰਚਾਰਜ ਸੁਨੀਲ ਓਝਾ ਨੂੰ ਕਾਸ਼ੀ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਗਜੇਂਦਰ ਸਿੰਘ ਸ਼ੇਖਾਵਤ ਨੂੰ ਰਾਜ ਦਾ ਇੰਚਾਰਜ ਬਣਾਇਆ ਹੈ। ਪੰਜਾਬ ’ਚ ਸ਼ੇਖਾਵਤ ਦੇ ਸਹਿਯੋਗ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਉਤਰਾਖੰਡ ਦਾ ਚੋਣ ਇੰਚਾਰਜ ਬਣਾਇਆ ਗਿਆ ਹੈ। ਇਸ ਪਹਾੜੀ ਰਾਜ ’ਚ ਸਹਿ ਇੰਚਾਰਜ ਦੇ ਰੂਪ ’ਚ ਪੱਛਮੀ ਬੰਗਾਲ ਦੀ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੂੰ ਮਣੀਪੁਰ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਅਤੇ ਆਸਾਮ ਸਰਕਾਰ ਦੇ ਮੰਤਰੀ ਅਸ਼ੋਕ ਸਿੰਘਲ ਨੂੰ ਇੱਥੇ ਦਾ ਸਹਿ ਇੰਚਾਰਜ ਬਣਾਇਆ ਗਿਆ ਹੈ। ਸਾਲ 2022 ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ ਅਤੇ ਮਣੀਪੁਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।