ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਤੰਬਰ ਯਾਨੀ ਕਿ ਅੱਜ ‘ਸ਼ਿਕਸ਼ਕ ਪਰਵ’ ਯਾਨੀ ਕਿ ਟੀਚਰ ਫੈਸਟੀਵਲ ਦੇ ਉਦਘਾਟਨ ਸੰਮੇਲਨ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਧਿਆਪਕਾਂ, ਵਿਦਿਆਰਥੀਆਂ, ਮਾਤਾ-ਪਿਤਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਡੇ ਅਧਿਆਪਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਸਾਰਿਆਂ ਨੇ ਮੁਸ਼ਕਲ ਸਮੇਂ ਵਿਚ ਦੇਸ਼ ’ਚ ਵਿਦਿਆਰਥੀਆਂ ਦੇ ਭਵਿੱਖ ਲਈ ਜੋ ਯੋਗਦਾਨ ਦਿੱਤਾ ਹੈ, ਉਹ ਬੇਮਿਸਾਲ ਹੈ, ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਕੰਮ ਨੂੰ ਸਿਰਫ਼ ਇਕ ਪੇਸ਼ਾ ਨਹੀਂ ਮੰਨਦੇ, ਉਨ੍ਹਾਂ ਲਈ ਪੜ੍ਹਾਉਣਾ ਇਕ ਮਨੁੱਖੀ ਚੇਤਨਾ ਅਤੇ ਇਕ ਨੈਤਿਕ ਫਰਜ਼ ਹੈ। ਇਸ ਲਈ ਸਾਡੇ ਇੱਥੇ ਅਧਿਆਪਕਾਂ ਅਤੇ ਬੱਚਿਆਂ ਵਿਚਾਲੇ ਪੇਸ਼ੇਵਰ ਰਿਸ਼ਤਾ ਨਹੀਂ ਹੁੰਦਾ, ਸਗੋਂ ਇਕ ਪਰਿਵਾਰਕ ਰਿਸ਼ਤਾ ਹੁੰਦਾ ਹੈ। ਇਹ ਰਿਸ਼ਤਾ, ਇਹ ਸਬੰਧ ਪੂਰੀ ਜ਼ਿੰਦਗੀ ਦਾ ਹੁੰਦਾ ਹੈ।
ਆਜ਼ਾਦੀ ਦੇ 100 ਸਾਲ ਹੋਣ ’ਤੇ ਭਾਰਤ ਕਿਵੇਂ ਦਾ ਹੋਵੇਗਾ, ਇਸ ਲਈ ਨਵੇਂ ਸੰਕਲਪ ਲੈ ਰਿਹਾ ਹੈ। ਇਹ ਪਹਿਲਕਦਮੀਆਂ ਇਸ ਲਈ ਵੀ ਅਹਿਮ ਹਨ ਕਿਉਂਕਿ ਦੇਸ਼ ਅਜੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਦੇ ਨਿਰਮਾਣ ਤੋਂ ਲੈ ਕੇ ਅਧਿਆਪਕਾਂ, ਮਾਹਰਾਂ ਸਾਰਿਆਂ ਨੇ ਹਰ ਪੱਧਰ ’ਤੇ ਯੋਗਦਾਨ ਦਿੱਤਾ ਹੈ। ਤੁਸੀਂ ਸਾਰੇ ਇਸ ਲਈ ਪ੍ਰਸ਼ੰਸਾ ਦੇ ਪਾਤਰ ਹੋ। ਹੁਣ ਸਾਨੂੰ ਇਸ ਭਾਈਵਾਲੀ ਨੂੰ ਇਕ ਨਵੇਂ ਪੱਧਰ ਤੱਕ ਲੈ ਕੇ ਜਾਣਾ ਹੈ, ਸਾਨੂੰ ਇਸ ਵਿਚ ਸਮਾਜ ਨੂੰ ਵੀ ਜੋੜਨਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਨੇ ‘ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆਂ ਦਾ ਵਿਸ਼ਵਾਸ’ ਨਾਲ ‘ਸਾਰਿਆਂ ਦੀ ਕੋਸ਼ਿਸ਼’ ਦਾ ਜੋ ਸੰਕਲਪ ਲਿਆ ਹੈ, ‘ਵਿਦਿਆਜਲੀ 2.0’ ਲਈ ਉਸ ਲਈ ਇਕ ਪਲੇਟਫ਼ਾਰਮ ਵਾਂਗ ਹੈ। ਇਸ ’ਚ ਸਾਡੇ ਸਮਾਜ ਨੂੰ, ਸਾਡੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣਾ ਹੈ ਅਤੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਵਧਾਉਣ ’ਚ ਆਪਣਾ ਯੋਗਦਾਨ ਪਾਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਮਾਜ ਮਿਲ ਕੇ ਕੁਝ ਕਰਦਾ ਹੈ ਤਾਂ ਚੰਗੇ ਨਤੀਜੇ ਜ਼ਰੂਰ ਮਿਲਦੇ ਹਨ। ਪਿਛਲੇ 6-7 ਸਾਲਾਂ ’ਚ ਜਨ ਹਿੱਸੇਦਾਰੀ ਦੀ ਤਾਕਤ ਨਾਲ ਭਾਰਤ ਵਿਚ ਅਜਿਹੇ-ਅਜਿਹੇ ਕੰਮ ਹੋਏ ਹਨ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਸਿੱਖਿਆ ’ਚ ਅਸਮਾਨਤਾ ਨੂੰ ਖ਼ਤਮ ਕਰ ਕੇ ਉਸ ਨੂੰ ਆਧੁਨਿਕ ਬਣਾਉਣ ’ਚ ਨੈਸ਼ਨਲ ਡਿਜੀਟਲ ਵਿੱਦਿਅਕ ਆਰਕੀਟੈਕਚਰ ਦੀ ਵੱਡੀ ਭੂੁਮਿਕਾ ਹੋਣ ਵਾਲੀ ਹੈ। ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਦੇਸ਼ ਦੀ ਤਰੱਕੀ ਲਈ ਸਿੱਖਿਆ ਨਾ ਸਿਰਫ਼ ਸੰਮਲਿਤ ਸਗੋਂ ਬਰਾਬਰ ਵੀ ਹੋਣੀ ਚਾਹੀਦੀ ਹੈ। ਇਸ ਲਈ ਅੱਜ ਦੇਸ਼ ‘ਟਾਕਿੰਗ ਬੁੱਕਸ’ ਅਤੇ ‘ਆਡੀਓ ਬੁੱਕਸ’ ਵਰਗੀ ਤਕਨੀਕ ਨੂੰ ਸਿੱਖਿਆ ਦਾ ਹਿੱਸਾ ਬਣਾ ਰਿਹਾ ਹੈ।