ਨਾਭਾ : ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਗਰ ਕੌਂਸਲ ਦੇ ਸਮੂਹ ਸਟਾਫ਼ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਟਾਫ਼ ਨੂੰ ਪ੍ਰੇਰਿਤ ਕੀਤਾ। ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫ਼ੇ ਦੀ ਮੰਗ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਾਲੇ ਦੌਰ ਵਿੱਚੋਂ ਪੰਜਾਬ ਨੂੰ ਕੱਢਿਆ ਹੈ ਅਤੇ ਇੱਕ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੇ ਸ਼ਹਾਦਤਾਂ ਦਿੱਤੀਆਂ ਹਨ।
ਧਰਮਸੋਤ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਕੋਈ ਕਾਨੂੰਨ ਵਿਵਸਥਾ ਖ਼ਰਾਬ ਕਰੇਗਾ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਜਪਾ ਸਰਕਾਰ ਵੱਲੋਂ ਕਰਨਾਲ ਵਿਖੇ ਧਾਰਾ-144 ਲਾਗੂ ਹੋਣ ‘ਤੇ ਧਰਮਸੋਤ ਨੇ ਭਾਜਪਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨ ਇਕਜੁੱਟ ਹੋ ਕੇ ਭਾਜਪਾ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਨਹੀਂ ਕਰਨਗੇ ਤਾਂ ਹੋਰ ਕੀ ਕਰਨਗੇ। ਧਰਮਸੋਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਸੰਘਰਸ਼ ਲਈ ਆਪਣੀਆਂ ਅਨੇਕਾਂ ਹੀ ਕੀਮਤੀ ਜਾਨਾਂ ਵਾਰ ਦਿੱਤੀਆਂ ਗਈਆਂ ਹਨ ਅਤੇ ਕਰੀਬ ਇਕ ਸਾਲ ਦਾ ਸਮਾਂ ਹੋਣ ਵਾਲਾ ਹੈ, ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ। ਬੀਤੇ ਦਿਨੀਂ ਮੁਜ਼ੱਫਰਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਵੱਲੋਂ ਸਪੱਸ਼ਟ ਸ਼ਬਦਾਂ ਨਾਲ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੀ ਕਿ ਭਾਵੇਂ ਸਾਨੂੰ 2024 ਤੱਕ ਸੜਕਾਂ ‘ਤੇ ਕਿਉਂ ਨਾ ਬੈਠਣਾ ਪਵੇ, ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਮੁੜਾਂਗੇ ਤਾਂ ਧਰਮਸੋਤ ਨੇ ਉਨ੍ਹਾਂ ਨੂੰ ਠੀਕ ਠਹਿਰਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਜ਼ਰੂਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਕਿਸਾਨਾਂ ਵੱਲੋਂ ਬਹੁਤ ਵੱਡਾ ਸੰਘਰਸ਼ ਉਲੀਕਿਆ ਗਿਆ ਹੈ।