ਕਿਸਾਨਾਂ ਦੇ ਸਮਰਥਨ ’ਚ ਬੋਲੇ ਰਾਹੁਲ- ਡਟਿਆ ਹੈ ਅਤੇ ਨਿਡਰ ਹੈ ਭਾਰਤ ਦਾ ਭਾਗਿਆ ਵਿਧਾਤਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਕਿਸਾਨਾਂ ਦੀ ‘ਮਹਾਪੰਚਾਇਤ’ ਤੋਂ ਬਾਅਦ ਸੋਮਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ‘ਭਾਰਤ ਦਾ ਭਾਗਿਆ ਵਿਧਾਤਾ’ ਡਟਿਆ ਹੋਇਆ ਹੈ ਅਤੇ ਨਿਡਰ ਹੈ। ਉਨ੍ਹਾਂ ਨੇ ਕਿਸਾਨਾਂ ਦੀ ‘ਮਹਾਪੰਚਾਇਤ’ ’ਚ ਲੱਗੀ ਭੀੜ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ,‘‘ਡਟਿਆ ਹੈ, ਨਿਡਰ ਹੈ, ਇੱਧਰ ਹੈ ਭਾਰਤ ਭਾਗਿਆ ਵਿਧਾਤਾ!’’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸੇ ਨਾਲ ਸੰਬੰਧਤ ਇਕ ਖ਼ਬਰ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ,‘‘ਇਹੀ ਹੈ ਦੇਸ਼ ਦੀ ਸੱਚਾਈ। ਸਿਰਫ਼, ਦੇਸ਼ ਵੇਚਣ ਵਾਲੇ ਸ਼ਾਸਕਾਂ ਨੂੰ ਨਹੀਂ ਦਿੱਸ ਰਹੀ।’’
ਕੇਂਦਰ ਦੇ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਐਤਵਾਰ ਨੂੰ ਵੱਖ-ਵੱਖ ਰਾਜਾਂ ਦੇ ਕਿਸਾਨ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਮੈਦਾਨ ’ਚ ਕਿਸਾਨ ਮਹਾਪੰਚਾਇਤ ਲਈ ਵੱਡੀ ਗਿਣਤੀ ’ਚ ਇਕੱਠੇ ਹੋਏ। ਅਗਲੇ ਸਾਲ ਸ਼ੁਰੂ ਹੋਣ ਵਾਲੀਆਂ, ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਸ ਆਯੋਜਨ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ‘ਕਿਸਾਨ ਮਹਾਪੰਚਾਇਤ’ ਦਾ ਆਯੋਜਨ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਗਿਆ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦੇ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਕਿਸਾਨ ਉਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਡਰ ਹੈ ਕਿ ਉਹ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿਵਸਥਾ ਨੂੰ ਖ਼ਤਮ ਕਰ ਦੇਣਗੇ ਅਤੇ ਉਨ੍ਹਾਂ ਨੂੰ ਵੱਡੇ ਕਾਰੋਬਾਰੀ ਸਮੂਹਾਂ ਦੀ ਦਯਾ ’ਤੇ ਛੱਡ ਦੇਣਗੇ। ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਪ੍ਰਮੁੱਖ ਖੇਤੀ ਸੁਧਾਰ ਅਤੇ ਕਿਸਾਨਾਂ ਦੇ ਹਿੱਤ ’ਚ ਦੱਸ ਰਹੀ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ 10 ਦੌਰ ਦੀ ਗੱਲਬਾਤ ਹੋਈ, ਹਾਲਾਂਕਿ ਗਤੀਰੋਧ ਖ਼ਤਮ ਨਹੀਂ ਹੋਇਆ।