ਕਰਨਾਲ ’ਚ ਧਾਰਾ-144 ਲਾਗੂ, ਗੁਰਨਾਮ ਚਢੂਨੀ ਬੋਲੇ- ‘ਭਲਕੇ ਕਿਸਾਨ ਨਵੀਂ ਅਨਾਜ ਮੰਡੀ ਹੋਣ ਇਕੱਠੇ’

ਕਰਨਾਲ— ਕਿਸਾਨਾਂ ’ਤੇ 28 ਅਗਸਤ 2021 ਨੂੰ ਹੋਏ ਪੁਲਸ ਲਾਠੀਚਾਰਜ ਖ਼ਿਲਾਫ਼ ਕਰਨਾਲ ’ਚ ਮੰਗਲਵਾਰ ਯਾਨੀ ਕਿ ਭਲਕੇ ਕਿਸਾਨ ਮਹਾਪੰਚਾਇਤ ਬੁਲਾਈ ਹੈ। ਕਿਸਾਨ ਮੰਗਲਵਾਰ ਨੂੰ ‘ਮਿੰਨੀ ਸਕੱਤਰੇਤ’ ਦਾ ਘਿਰਾਓ ਕਰਨਗੇ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਧਾਰਾ-144 ਲਾਗੂ ਕਰ ਦਿੱਤੀ ਹੈ, ਜਿਸ ਕਾਰਨ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਓਧਰ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ 7 ਸਤੰਬਰ ਨੂੰ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਕੱਲ੍ਹ ਸਵੇਰੇ 10 ਵਜੇ ਕਰਨਾਲ ਨਵੀਂ ਅਨਾਜ ਮੰਡੀ ’ਚ ਇਕੱਠੇ ਹੋਣ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ 7 ਸਤੰਬਰ ਨੂੰ ਕਰਨਾਲ ’ਚ ਮਹਾਪੰਚਾਇਤ ਕਰਵਾ ਕੇ ‘ਮਿੰਨੀ ਸਕੱਤਰੇਤ’ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ 28 ਅਗਸਤ ਨੂੰ ਭਾਜਪਾ ਦੀ ਮੀਟਿੰਗ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਵਿਰੋਧ ਕੀਤਾ ਗਿਆ ਸੀ। ਆਵਾਜਾਈ ਠੱਪ ਹੋਣ ਕਾਰਨ ਕਿਸਾਨਾਂ ਦੇ ਇਕ ਸਮੂਹ ’ਤੇ ਪੁਲਸ ਨੇ ਲਾਠੀਚਾਰਜ ਕੀਤਾ ਸੀ। ਇਸ ’ਚ 10 ਪ੍ਰਦਰਸ਼ਨਕਾਰੀ ਕਿਸਾਨ ਜ਼ਖਮੀ ਹੋ ਗਏ ਸਨ। ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਅਧਿਕਾਰੀ ਆਯੁਸ਼ ਸਿਨਹਾ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਨੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਓਧਰ ਚਢੂਨੀ ਨੇ ਕਰਨਾਲ ’ਚ ਲਾਠੀਚਾਰਜ ਵਿਚ ਜ਼ਖਮੀ ਹੋਣ ਤੋਂ ਬਾਅਦ ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ। ਉੱਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨ ਦੀ ਮੌਤ ਪੁਲਸ ਦੀ ਲਾਠੀਚਾਰਜ ਨਾਲ ਨਹੀਂ ਸਗੋਂ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਚਢੂਨੀ ਨੇ ਹੋਰ ਜ਼ਖਮੀ ਕਿਸਾਨਾਂ ਨੂੰ 2-2 ਲੱਖ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਹਰਿਆਣਾ ਸਰਕਾਰ ਨੂੰ ਅੱਜ ਦੇ ਦਿਨ ਤਕ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ 7 ਸਤੰਬਰ ਨੂੰ ਮਹਾਪੰਚਾਇਤ ਬੁਲਾਉਣਗੇ।