ਹਰਿਆਣਾ— ਹਰਿਆਣਾ ’ਚ ਤਾਲਾਬੰਦੀ 2 ਹਫ਼ਤੇ ਹੋਰ ਵਧਾ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਾਬੂ ਪਾਉਣ ਲਈ ਚਲਾਏ ਜਾ ਰਹੇ ‘ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਦੇ ਸਮੇਂ ਨੂੰ ਕੁਝ ਹੋਰ ਰਿਆਇਤਾਂ ਨਾਲ 20 ਸਤੰਬਰ ਤਕ ਵਧਾ ਦਿੱਤਾ ਹੈ। ਕੋਰੋਨਾ ਵਾਇਰਸ ਦੀ ਆਫ਼ਤ ਅਜੇ ਟਲੀ ਨਹੀਂ ਹੈ। ਮਾਮਲਿਆਂ ਦੀ ਰਫ਼ਤਾਰ ਜ਼ਰੂਰ ਕੁਝ ਘੱਟ ਹੋਈ ਹੈ। ਕੋਰੋਨਾ ਨੂੰ ਵੇਖਦੇ ਹੋਏ ਪਹਿਲਾਂ 6 ਸਤੰਬਰ ਤੱਕ ਪਾਬੰਦੀ ਲਾਈ ਗਈ ਸੀ, ਜਿਸ ਨੂੰ ਹੁਣ ਦੋ ਹੋਰ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ।
ਹਰਿਆਣਾ ਸਰਕਾਰ ਵਲੋਂ ਜਾਰੀ ਆਦੇਸ਼ ਮੁਤਾਬਕ ਪਾਬੰਦੀਆਂ 20 ਸਤੰਬਰ ਦੀ ਸਵੇਰੇ 5 ਵਜੇ ਤਕ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਪ੍ਰਦੇਸ਼ ’ਚ ਹਫ਼ਦੇ ਦੇ 7 ਦਿਨ, ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਇਸ ਬਾਬਤ ਸੂਬੇ ਦੇ ਮੁੱਖ ਸਕੱਤਰ ਵਿਜੇ ਵਰਧਨ ਨੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਹਰਿਆਣਾ ਡਾਇਰੈਕਟਰ ਜਨਰਲ ਆਫ਼ ਪੁਲਸ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ। ਹਾਲਾਂਕਿ ਰੈਸਟੋਰੈਂਟ, ਬਾਰ ਅਤੇ ਕੱਲਬ ਨੂੰ ਢਿੱਲ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਰਾਤ 11 ਵਜੇ ਤਕ ਖੋਲ੍ਹਣ ਦੀ ਆਗਿਆ ਰਹੇਗੀ।
ਨੋ ਮਾਸਕ ਨੋ ਸਰਵਿਸ—
ਸਾਰੇ ਪ੍ਰਾਈਵੇਟ ਦਫ਼ਤਰ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਪ੍ਰਦੇਸ਼ ਵਿਚ ਇਸ ਤੋਂ ਪਹਿਲਾਂ ਹੀ ਰੈਸਟੋਰੈਂਟ ਅਤੇ ਬਾਰ ਨੂੰ 50 ਫ਼ੀਸਦੀ ਸਮਰੱਥਾਂ ਨਾਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਹਰਿਆਣਾ ਵਿਚ ਨੋ ਮਾਸਕ ਨੋ ਸਰਵਿਸ ਨਿਯਮ ਲਾਗੂ ਰਹੇਗਾ। ਬਿਨਾਂ ਮਾਸਕ ਵਾਲੇ ਲੋਕਾਂ ਨੂੰ ਕੋਈ ਵੀ ਸੇਵਾ ਨਾ ਦੇਣ ਦਾ ਨਿਰਦੇਸ਼ ਦਿੱਤੇ ਹਨ।