ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਜੀ. ਆਈ. ਸੀ. ਮੈਦਾਨ ’ਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਮਹਾਪੰਚਾਇਤ ਹੋ ਰਹੀ ਹੈ। ਇਸ ਮਹਾਪੰਚਾਇਤ ’ਚ ਕਿਸਾਨਾਂ ਦਾ ਵੱਡਾ ਇਕੱਠ ਪੁੱਜਾ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਲਈ ਇੱਥੇ ਇਕੱਠੇ ਹੋਏ ਹਨ। ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੱਖਣੀ ਭਾਰਤ ਦੇ ਕਿਸਾਨਾਂ ਨੇ ਵੀ ਇਸ ਮਹਾਪੰਚਾਇਤ ’ਚ ਸ਼ਿਰਕਤ ਕੀਤੀ ਹੈ। ਇਸ ਮਹਾਪੰਚਾਇਤ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਜੀ. ਆਈ. ਸੀ. ਮੈਦਾਨ ’ਚ ਮੰਚ ਤੋਂ ਸੰਬੋਧਨ ਕੀਤਾ।
ਰਾਕੇਸ਼ ਟਿਕੈਤ ਨੇ ਕਿਸਾਨ ਮਹਾਪੰਚਾਇਤ ’ਚ ਹੁੰਕਾਰ ਭਰਦੇ ਹੋਏ ਕਿਹਾ ਕਿ ਸਿਰਫ਼ ਮਿਸ਼ਨ ਯੂ. ਪੀ. ਹੀ ਨਹੀਂ ਸਗੋਂ ਸਾਨੂੰ ਪੂਰੇ ਦੇਸ਼ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਦੀ ਹੀ ਨਹੀਂ ਹੁਣ ਹੋਰ ਮੁੱਦਿਆਂ ਨੂੰ ਵੀ ਚੁੱਕਣਾ ਹੈ। ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ, ਕਿਸਾਨ ਅੰਦੋਲਨ ਜਾਰੀ ਰਹੇਗਾ। ਅਸੀਂ ਉਦੋਂ ਤੱਕ ਘਰ ਨਹੀਂ ਜਾਵਾਂਗੇ। ਸਾਡਾ ਅੰਦੋਲਨ ਫਤਿਹ ਹੋਵੇਗਾ ਅਤੇ ਇਹ ਦੇਸ਼ ਦੇ ਜਵਾਨ ਅਤੇ ਕਿਸਾਨ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੀ। ਜਦੋਂ ਤੱਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨੇਗੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਸਰਕਾਰ ਨੇ ਕਿਸਾਨਾਂ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਹੈ।
ਟਿਕੈਤ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਨੌਜਵਾਨ ਕਮਜ਼ੋਰ ਨਹੀਂ ਹਨ। ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਿਕੈਤ ਨੇ ਮਨਮਾਨੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਹੁਣ ਦੇਸ਼ ਦੀਆਂ ਸੰਸਥਾਵਾਂ ਵੇਚੀਆਂ ਜਾ ਰਹੀਆਂ ਹਨ। ਅਸੀਂ ਚੁੱਪ ਨਹੀਂ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਤੋੜਨ ਦਾ ਕੰਮ ਕਰਦੇ ਹਨ ਤਾਂ ਅਸੀਂ ਲੋਕਾਂ ਨੂੰ ਜੋੜਦੇ ਹਾਂ। ਸਰਕਾਰ ਦੱਸੇ ਕਿ ਇਨ੍ਹਾਂ ਕਾਨੂੰਨਾਂ ਤੋਂ ਕਿਸਾਨਾਂ ਨੂੰ ਕੀ ਫਾਇਦਾ ਹੈ ਪਰ ਸਰਕਾਰ ਨਹੀਂ ਦੱਸ ਰਹੀ। ਇਹ ਕਾਨੂੰਨ ਕਿਸਾਨ ਦੇ ਨਾਲ-ਨਾਲ ਕਾਰੋਬਾਰੀਆਂ ਦੇ ਅਤੇ ਲੋਕਾਂ ਦੇ ਹਿੱਤ ’ਚ ਨਹੀਂ ਹੈ। ਅੰਬੇਡਕਰ ਦਾ ਸੰਵਿਧਾਨ ਵੀ ਖਤਰੇ ’ਚ ਹੈ। ਹਵਾਈ ਅੱਡੇ, ਬਿਜਲੀ, ਬੰਦਰਗਾਹ ਅਤੇ ਸੜਕਾਂ ਨੂੰ ਨਿੱਜੀ ਹੱਥਾਂ ’ਚ ਵੇਚਿਆ ਜਾ ਰਿਹਾ, ਜਦਕਿ ਵੋਟਾਂ ਦੇ ਸਮੇਂ ਭਾਜਪਾ ਪਾਰਟੀ ਨੇ ਇਸ ਸਬੰਧ ਵਿਚ ਕੁਝ ਨਹੀਂ ਕਿਹਾ ਸੀ। ਟਿਕੈਤ ਨੇ ਅੱਗੇ ਕਿਹਾ ਕਿ ਫ਼ਸਲਾਂ ਦੀ ਕੀਮਤ ਨਹੀਂ ਤਾਂ ਵੋਟ ਨਹੀਂ।
ਦੱਸਣਯੋਗ ਹੈ ਕਿ ਮੁਜ਼ੱਫਰਨਗਰ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਇਹ ਮਹਾਪੰਚਾਇਤ ਮੁਜ਼ੱਫਰਨਗਰ ’ਚ ਜੀ. ਆਈ. ਸੀ. ਗਰਾਊਂਡ ’ਤੇ ਹੋ ਰਹੀ ਹੈ, ਜਿਸ ’ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਹਰਿਆਣਾ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਏ ਹਨ। ਦਿੱਲੀ ਦੇ ਬਾਰਡਰਾਂ ’ਤੇ ਜੋ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਹੇ ਹਨ, ਉੱਥੋਂ ਵੀ ਕਿਸਾਨ ਇਸ ਮਹਾਪੰਚਾਇਤ ’ਚ ਸ਼ਾਮਲ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਹੈ ਕਿ ਇਹ ਹੁਣ ਤਕ ਦੀ ਸਭ ਤੋਂ ਵੱਡੀ ਮਹਾਪੰਚਾਇਤ ਹੈ। ਸੰਯੁਕਤ ਕਿਸਾਨ ਮੋਰਚਾ ਦਾ ਵੀ ਇਹ ਵੀ ਕਹਿਣਾ ਹੈ ਕਿ ਇੱਥੇ ਇਕੱਠੀ ਹੋਈ ਕਿਸਾਨਾਂ ਦੀ ਭੀੜ, ਕਿਸਾਨਾਂ ਦੀ ਤਾਕਤ ਨੂੰ ਦਿਖਾਉਂਦੀ ਹੈ।