ਭਾਰਤ ’ਚ ਕੋਰੋਨਾ ਦੇ 42,618 ਨਵੇਂ ਮਾਮਲੇ, 330 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ— ਭਾਰਤ ’ਚ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਮੁੜ ਤੋਂ ਰਫ਼ਤਾਰ ਫੜ ਲਈ ਹੈ। ਪਿਛਲੇ 24 ਘੰਟਿਆਂ ਵਿਚ 42,618 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਭਾਰਤ ’ਚ ਕੁੱਲ ਕੋਵਿਡ-19 ਪੀੜਤਾਂ ਦੀ ਗਿਣਤੀ ਵਧ ਕੇ 3,29,45,907 ਹੋ ਗਈ ਹੈ। ਸਿਹਤ ਮੰਤਰਾਲਾ ਮੁਤਾਬਕ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 24 ਘੰਟਿਆਂ ਦੇ ਅੰਦਰ 330 ਮੌਤਾਂ ਹੋਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 4,40,225 ਹੋ ਗਈ ਹੈ।
ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 97.43 ਫ਼ੀਸਦੀ ਹੈ। ਦੇਸ਼ ਭਰ ਦੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ 36,385 ਕੋਵਿਡ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਹ ਮਰੀਜ਼ 24 ਘੰਟਿਆਂ ਦੇ ਅੰਦਰ ਸਿਹਤਮੰਦ ਹੋਏ ਹਨ। ਜਿਸ ਨਾਲ ਦੇਸ਼ ’ਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3,21,000,01 ਹੋ ਗਈ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 1.23 ਫ਼ੀਸਦੀ ਪਹੁੰਚ ਗਈ ਹੈ ਜਦਕਿ ਮੌਤ ਦਰ 1.34 ਫ਼ੀਸਦੀ ਹੈ। ਸਰਗਰਮ ਕੇਸਾਂ ਦੀ ਗਿਣਤੀ 4,05,681 ਹੈ।
ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਕੋਰੋਨਾ ਵੈਕਸੀਨ ਦਾ ਅੰਕੜਾ 67 ਕਰੋੜ ਤੋਂ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ 58,85,687 ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ। ਭਾਰਤ ’ਚ ਕੁੱਲ ਟੀਕਾਕਰਨ ਦਾ ਅੰਕੜਾ 67,72,11,205 ਹੋ ਗਿਆ ਹੈ। ਉੱਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵੱਧ ਤੋਂ ਵੱਧ ਟੈਸਟ ਵੀ ਕੀਤੇ ਜਾ ਰਹੇ ਹਨ। ਹੁਣ ਤਕ ਕੁੱਲ 52,82,40,038 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੁੱਲ 17,04,970 ਨਮੂਨਿਆਂ ਦੀ ਜਾਂਚ ਕੀਤੀ ਗਈ।