ਸਿਡਨੀ ‘ਚ ਕੋਰੋਨਾ ਕੇਸਾਂ ‘ਚ ਰਿਕਾਰਡ ਵਾਧਾ, ਸਰਕਾਰ ਦੀ ਵਧੀ ਚਿੰਤਾ

ਸਿਡਨੀ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ ਸੂਬੇ ਵਿੱਚ ਕੋਰੋਨਾ ਕੇਸਾਂ ਵਿੱਚ ਹੋਣ ਵਾਲਾ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਵਿੱਚ ਆਏ ਅੰਕੜਿਆਂ ਅਨੁਸਾਰ 1,431 ਕੇਸ ਸਾਹਮਣੇ ਆਏ ਹਨ ਅਤੇ 12 ਮੌਤਾਂ ਪਿਛਲੇ ਚੌਵੀ ਘੰਟਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ। ਕੇਸਾਂ ਦੇ ਨਾਲ ਮੌਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਵਿੱਚ ਇੱਕ ਦੀ ਉਮਰ 30 ਸਾਲ, ਇੱਕ ਔਰਤ ਦੀ ਉਮਰ 60 ਸਾਲ ਅਤੇ 7 ਦੀ ਉਮਰ 70 ਸਾਲ ਦੇ ਵਿਚਕਾਰ ਸੀ ਜਦਕਿ 2 ਦੀ ਉਮਰ 80 ਅਤੇ ਇੱਕ ਆਦਮੀ ਦੀ ਉਮਰ 90 ਸਾਲ ਸੀ। 979 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਜਿਹਨਾਂ ਵਿੱਚੋਂ 160 ਮਰੀਜ਼ ਸਖ਼ਤ ਦੇਖ-ਭਾਲ ਵਿੱਚ ਹਨ ਅਤੇ 63 ਮਰੀਜ਼ ਵੈਂਟੀਲੇਟਰ ‘ਤੇ ਹਨ। ਮੌਜੂਦਾ ਕੋਰੋਨਾ ਪ੍ਰਕੋਪ ਨਾਲ ਸੰਬੰਧਤ 119 ਮੌਤਾਂ ਹੋਈਆਂ ਹਨ ਜਿਹਨਾਂ ਦੀ ਕੁੱਲ ਮਿਲਾ ਕੇ ਗਿਣਤੀ 175 ਹੋ ਗਈ ਹੈ।
ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲ਼ੇ ਦਿਨਾਂ ਵਿੱਚ ਇਹ ਨਤੀਜੇ ਹੋਰ ਵੀ ਵੱਧ ਸਕਦੇ ਹਨ।ਉਹਨਾਂ ਕਿਹਾ ਕਿ ਕੇਸਾਂ ਦੇ ਲਿਹਾਜ ਨਾਲ ਅਗਲੇ ਦੋ ਹਫ਼ਤੇ ਬੜੇ ਸਖ਼ਤ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਵੈਕਸੀਨ ਦੀਆਂ ਹੋਰ ਡੋਜ ਪ੍ਰਾਪਤ ਕਰਨ ਲਈ ਉਹ ਸੰਘੀ ਸਰਕਾਰ ਨਾਲ ਗੱਲ-ਬਾਤ ਕਰ ਰਹੀ ਹੈ।ਉਹਨਾਂ ਦੱਸਿਆ ਕਿ ਹੁਣ ਤੱਕ 7.2 ਮਿਲੀਅਨ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ ਲੱਗ ਚੁੱਕੀ ਹੈ