ਸ਼੍ਰੀਨਗਰ ਪਾਕਿਸਤਾਨ ਸਮਰਥਕ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਮੱਧ ਰਾਤ ਨੂੰ ਇੱਥੇ ਸਪੁਰਦ-ਏ-ਖਾਕ ਕੀਤਾ ਗਿਆ। ਕਸ਼ਮੀਰ ਵਿਚ ਵਿਆਪਕ ਪੱਧਰ ’ਤੇ ਮੋਬਾਇਲ ਸੰਪਰਕ ਸੇਵਾ ਬੰਦ ਕੀਤੇ ਜਾਣ ਨਾਲ ਹੀ ਸਖ਼ਤ ਸੁਰੱਖਿਆ ਅਤੇ ਪਾਬੰਦੀਆਂ ਵਿਚਾਲੇ ਗਿਲਾਨੀ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਨੇ ਦੱਸਿਆ ਕਿ ਗਿਲਾਨੀ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੀ ਰਿਹਾਇਸ਼ ਨੇੜੇ ਸਥਿਤ ਇਕ ਮਸਜਿਦ ’ਚ ਦਫ਼ਨਾਇਆ ਗਿਆ। ਹਾਲਾਂਕਿ ਉਨ੍ਹਾਂ ਦੇ ਪੁੱਤਰ ਨਈਮ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਸ਼੍ਰੀਨਗਰ ਵਿਚ ਈਦਗਾਹ ’ਚ ਦਫ਼ਨਾਉਣਾ ਚਾਹੁੰਦੇ ਸਨ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਕਰੀਬ 3 ਦਹਾਕਿਆਂ ਤੱਕ ਵੱਖਵਾਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ 91 ਸਾਲਾ ਗਿਲਾਨੀ ਦਾ ਲੰਬੀ ਬੀਮਾਰੀ ਮਗਰੋਂ ਸ਼੍ਰੀਨਗਰ ਦੇ ਬਾਹਰੀ ਇਲਾਕੇ ਹੈਦਰਪੁਰਾ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਬੁੱਧਵਾਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੂੰ ਸਾਵਧਾਨੀ ਕਦਮ ਦੇ ਤੌਰ ’ਤੇ ਰਾਤ ਨੂੰ ਉਨ੍ਹਾਂ ਨੂੰ ਸੁਪਰਦ-ਏ-ਖਾਕ ਕਰਨ ਨੂੰ ਕਿਹਾ ਗਿਆ ਸੀ ਕਿਉਂਕਿ ਖ਼ੁਫੀਆ ਜਾਣਕਾਰੀਆਂ ਮੁਤਾਬਕ ਕੁਝ ਰਾਸ਼ਟਰ ਵਿਰੋਧੀ ਤੱਤ ਕਸ਼ਮੀਰ ਘਾਟੀ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿਗਾੜਨ ਲਈ ਇਸ ਮੌਕੇ ਦਾ ਇਸਤੇਮਾਲ ਕਰ ਸਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਪੁਲਸ ਸੁਰੱਖਿਆ ਦਰਮਿਆਨ ਮਸਜਿਦ ਦੇ ਕਬਰਸਤਾਨ ’ਚ ਪੂਰੇ ਰੀਤੀ-ਰਿਵਾਜ ਮੁਤਾਬਕ ਗਿਲਾਨੀ ਨੂੰ ਦਫ਼ਨਾਇਆ ਗਿਆ। ਘਾਟੀ ਵਿਚ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਅਤੇ ਕਿਸੇ ਵੀ ਅਣਹੋਣੀ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ। ਅਫ਼ਵਾਹਾਂ ਅਤੇ ਫਰਜ਼ੀ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਦੇ ਤੌਰ ’ਤੇ ਬੀ. ਐੱਸ. ਐੱਨ. ਐੱਲ. ਦੀ ਪੋਸਟ ਪੇਡ ਸੇਵਾ ਨੂੰ ਛੱਡ ਕੇ ਹੋਰ ਮੋਬਾਇਲ ਫੋਨ ਸੇਵਾਵਾਂ ਅਤੇ ਇੰਟਰਨੈੱਟ ਬੰਦ ਕਰ ਦਿੱਤੇ ਗਏ। ਵੱਖ-ਵੱਖ ਥਾਵਾਂ ’ਤੇ ਬੈਰੀਕੇਡਜ਼ ਲਾਏ ਗਏ ਅਤੇ ਸਾਰੇ ਵਾਹਨਾਂ ਦੀ ਤਲਾਸ਼ੀ ਲਈ ਗਈ।