ਨਿਰਦੇਸ਼ਕ ਵਿਸ਼ਨੂ ਵਰਧਨ ਦੀ ਫ਼ਿਲਮ ਸ਼ੇਰਸ਼ਾਹ ਉਸ ਕੈਪਟਨ ਬੱਤਰਾ ਦੀ ਬਹਾਦਰੀ ਅਤੇ ਦਲੇਰੀ ਨੂੰ ਦਰਸਾਉਾਂਦੀ ਹੈ ਜਿਸ ਨੇ 1999 ਦੀ ਕਾਰਗਿੱਲ ਜੰਗ ਦੌਰਾਨ ਆਪਣੇ ਆਖਰੀ ਸਾਹਾਂ ਤਕ ਪਾਕਿਸਤਾਨੀ ਅਤਿਵਾਦੀਆਂ ਵਿਰੁੱਧ ਲੜਾਈ ਲੜੀ ਸੀ। ਫ਼ਿਲਮ ‘ਚ ਵਿਕਰਮ ਬਤਰਾ ਦੀ ਮੰਗੇਤਰ ਡਿੰਪਲ ਚੀਮਾ ਦਾ ਕਿਰਦਾਰ ਨਿਭਾਉਣ ਵਾਲੀ ਕਿਆਰਾ ਅਡਵਾਨੀ ਨੇ ਸ਼ੇਰਸ਼ਾਹ ਫ਼ਿਲਮ ਲਈ ਚਾਰ ਕਰੋੜ ਰੁਪਏ ਫ਼ੀਸ ਲਈ ਹੈ। ਰਿਪੋਰਟਾਂ ਮੁਤਾਬਿਕ ਕੈਪਟਨ ਵਿਕਰਮ ਬਤਰਾ ਦਾ ਕਿਰਦਾਰ ਨਿਭਾਉਣ ਲਈ ਸਿਧਾਰਥ ਮਲਹੋਤਰਾ ਨੇ ਸੱਤ ਕਰੋੜ ਰੁਪਏ ਫ਼ੀਸ ਪ੍ਰਾਪਤ ਕੀਤੀ ਹੈ। ਅਦਾਕਾਰ ਸ਼ਿਵ ਪੰਡਿਤ ਫ਼ਿਲਮ ਸ਼ੇਰਸ਼ਾਹ ‘ਚ ਲੈਫ਼ਟੀਨੈਂਟ ਸੰਜੀਵ ਜਿਮੀ ਜੰਵਾਲ ਦਾ ਕਿਰਦਾਰ ਨਿਭਾਉਂਦਾ ਦਿਖਾਈ ਦੇਵੇਗਾ। ਉਸ ਨੇ ਇਸ ਫ਼ਿਲਮ ਲਈ 45 ਲੱਖ ਰੁਪਏ ਲਏ ਹਨ। ਅਦਾਕਾਰ ਨਿਕੇਤਨ ਧੀਰ ਨੇ ਵੀ ਇਸ ਫ਼ਿਲਮ ‘ਚ ਮੋਹਰੀ ਭੂਮਿਕਾ ਨਿਭਾਈ ਹੈ ਜਿਸ ਬਦਲੇ ਉਨ੍ਹਾਂ 35 ਲੱਖ ਰੁਪਏ ਪ੍ਰਾਪਤ ਕੀਤੇ ਹਨ।
ਵਿਕਰਮ ਬਤਰਾ ਦੇ ਦੋਸਤ ਨਾਇਬ ਸੂਬੇਦਾਰ ਬੰਸੀ ਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਨਿਲ ਚਰਨਜੀਤ ਨੇ ਵੀ ਆਪਣੀ ਅਦਾਕਾਰੀ ਦੇ ਮਿਹਨਤਾਨੇ ਵਜੋਂ 25 ਲੱਖ ਰੁਪਏ ਲਏ ਹਨ। ਫ਼ਿਲਮ ‘ਚ ਵਿਕਰਮ ਬਤਰਾ ਦੇ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪਵਨ ਕਲਿਆਣ ਨੇ ਇਸ ਫ਼ਿਲਮ ਲਈ 50 ਲੱਖ ਰੁਪਏ ਦੀ ਫ਼ੀਸ ਲਈ। ਉੱਥੇ ਹੀ ਇੱਕ ਅਤਿਵਾਦੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾ ਮੀਰ ਸਰਵਰ ਨੇ 25 ਲੱਖ ਰੁਪਏ ਦੀ ਫ਼ੀਸ ਲਈ ਹੈ।
ਦੱਸ ਦੇਈਏ ਕਿ ਡਿੰਪਲ ਚੀਮਾ ਨੇ ਕਾਰਗਿਲ ਜੰਗ ‘ਚ ਵਿਕਰਮ ਦੀ ਸ਼ਹਾਦਤ ਤੋਂ ਬਾਅਦ ਕਦੇ ਵਿਆਹ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਕਿਆਰਾ ਅਡਵਾਨੀ ਨੇ ਇੱਕ ਇੰਟਰਵਿਊ ‘ਚ ਕਿਹਾ, ਮੇਰੇ ਲਈ ਡਿੰਪਲ ਇੱਕ ਗੁਮਨਾਮ ਹੀਰੋਇਨ ਹੈ ਜਿਸ ਨੇ ਆਪਣੇ ਪਿਆਰ ਲਈ ਜੰਗ ਲੜੀ ਅਤੇ ਆਪਣੀ ਜ਼ਿੰਦਗੀ ‘ਚ ਆਈ ਹਰ ਚੁਣੌਤੀ ਦਾ ਆਪਣੀ ਪੂਰੀ ਤਾਕਤ ਨਾਲ ਸਾਹਮਣਾ ਕੀਤਾ।
ਫ਼ਿਲਮ ਸ਼ੇਰਸ਼ਾਹ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਆਰਾ ਨੇ ਡਿੰਪਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਕਿਰਦਾਰ ‘ਚ ਢਲਣ ਦੀ ਕੋਸ਼ਿਸ਼ ਕੀਤੀ। ਕਿਆਰਾ ਨੇ ਕਿਹਾ, ”ਜਦੋਂ ਮੈਂ ਉਨ੍ਹਾਂ ਨੂੰ ਸੁਣ ਰਹੀ ਸੀ ਤਾਂ ਮੈਂ ਇੰਝ ਮਹਿਸੂਸ ਕੀਤਾ ਜਿਵੇਂ ਮੈਂ ਉਸ ਨੂੰ ਪਹਿਲਾਂ ਹੀ ਜਾਣਦੀ ਹੋਵਾਂ। ਮੈਂ ਮਹਿਸੂਸ ਕੀਤਾ ਕਿ ਮੈਂ ਫ਼ਿਲਮ ਰਾਹੀਂ ਉਸ ਦੀ ਜ਼ਿੰਦਗੀ ਦੀ ਯਾਤਰਾ ਦਾ ਹਿੱਸਾ ਹਾਂ।”ਕਿਆਰਾ ਨੇ ਦੱਸਿਆ ਕਿ ਨਿਰਦੇਸ਼ਕ ਵਿਸ਼ਣੂ ਵਰਧਨ ਨੇ ਉਨ੍ਹਾਂ ਨੂੰ ਡਿੰਪਲ ਚੀਮਾ ਦੀ ਨਕਲ ਨਾ ਕਰਨ ਦੀ ਸਲਾਹ ਦਿੱਤੀ ਸੀ।