ਮੋਗਾ – ਮੋਗਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਵਲੋਂ ‘ਗਲ ਪੰਜਾਬ ਦੀ’ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੋਗਾ ਤੋਂ ਸਾਬਕਾ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇਰਾ ਸਿਆਸੀ ਜੀਵਨ ਮੋਗਾ ਤੋਂ ਸ਼ੁਰੂ ਹੋਇਆ ਹੈ। ਜੇਕਰ ਪੰਜਾਬ ਵਿੱਚ ਅਕਾਲੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਡੀਜ਼ਲ 10 ਰੁਪਏ ਸਸਤਾ ਕੀਤਾ ਜਾਵੇਗਾ।
ਕੇਜਰੀਵਾਰ ਅਤੇ ਕੈਪਟਨ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਕਿਹੜੇ ਸੂਬੇ ਵਿੱਚ ਵਿਕਾਸ ਦਾ ਕਾਰਜ ਕੀਤਾ ਹੈ, ਉਸ ਦਾ ਨਾਂ ਦੱਸੇ। ਕੈਪਟਨ ਸਰਕਾਰ ਨੇ ਸੜਕਾਂ ਦਾ ਵਿਕਾਸ ਕਰਨਾ ਤਾਂ ਦੂਰ ਦੀ ਗੱਲ ਇਸ ਵਾਰ ਤਾਂ ਸੜਕਾਂ ’ਤੇ ਪੇਚ ਲਗਵਾਉਣ ਦਾ ਕੰਮ ਵੀ ਨਹੀਂ ਕੀਤਾ। ਬੀਜੇਪੀ, ਕਾਂਗਰਸ ਤੇ ‘ਆਪ’ ਦੇ ਫ਼ੈਸਲੇ ਦਿੱਲੀ ਵਾਲੇ ਕਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਫ਼ੈਸਲੇ ਤੁਸੀਂ ਭਾਵ ਜਨਤਾ ਕਰਦੀ ਹੈ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ ਅਤੇ ਉਸ ਦੀ ਹਮਦਰਦੀ ਵੀ ਦਿੱਲੀ ਦੇ ਲੋਕਾਂ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ, ਉਹ ਸਾਰੇ ਪੂਰੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਕਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ, ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ, ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ, ਗੁਲਜ਼ਾਰ ਸਿੰਘ ਰਣੀਕੇ ਨੂੰ ਅਟਾਰੀ ਤੋਂ, ਐਨ. ਕੇ . ਸ਼ਰਮਾ ਨੂੰ ਡੇਰਾਬੱਸੀ ਤੋਂ, ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰਾ ਤੋਂ, ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ, ਜਗਬੀਰ ਸਿੰਘ ਬਰਾੜ ਨੂੰ ਜਲੰਧਰ ਛਾਉਣੀ, ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ, ਅੰਮ੍ਰਿਤਸਰ ਨਾਰਥ ਹਲਕੇ ਤੋਂ ਅਨਿਲ ਜੋਸ਼ੀ, ਪਠਾਨਕੋਟ ਦੇ ਰਾਜ ਕੁਮਾਰ ਗੁਪਤਾ ਨੂੰ ਸੁਜਾਨਪੁਰ ਹਲਕੇ ਤੋਂ, ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ, ਵਿਧਾਨ ਸਭਾ ਹਲਕਾ ਰਾਮਪੁਰਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ (ਜਿਨ੍ਹਾਂ ਨੇ ਬਾਅਦ ਵਿਚ ਇਹ ਆਖਿਆ ਕਿ ਰਾਮਪੁਰਫੂਲ ਤੋਂ ਉਹ ਨਹੀਂ ਉਨ੍ਹਾਂ ਦੇ ਪੁੱਤਰ ਚੋਣ ਲੜਨਗੇ) ਬਠਿੰਡਾ ਦਿਹਾਤੀ ਐੱਸ. ਸੀ. ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ ਭੁੱਚੋ ਐੱਸ. ਸੀ ਹਲਕੇ ਤੋਂ ਦਰਸ਼ਨ ਸਿੰਘ ਕੋਟਫੱਤਾ ਪਾਰਟੀ ਦੇ ਉਮੀਦਵਾਰ ਹੋਣਗੇ।