ਦਰਸ਼ਨ ਸਿੰਘ ਦਰਸ਼ਕ /98555-08918
ਪਟਿਆਲਾ – 1996 ‘ਚ ਜਦੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਵਰਗੀ ਸੰਤ ਰਾਮ ਸਿੰਗਲਾ ਖ਼ਿਲਾਫ਼ ਚੋਣ ਲੜ ਰਹੇ ਸਨ ਤਾਂ ਉਸ ਸਮੇਂ ਮੇਰਾ ਸੰਪਰਕ ਅੱਜ ਕਲ੍ਹ ਚਰਚਾ ‘ਚ ਚੱਲ ਰਹੇ ਮਾਲਵਿੰਦਰ ਸਿੰਘ ਮਾਲੀ ਨਾਲ ਹੋਇਆ। ਓਦੋਂ ਉਨ੍ਹਾਂ ਦੇ ਨਾਲ ਗੁਰਦਰਸ਼ਨ ਸਿੰਘ ਬਾਹੀਆ ਵੀ ਹੁੰਦੇ ਸਨ। ਇਹ ਦੋਵੇਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਫ਼ੀ ਨਜ਼ਦੀਕੀ ਸਨ। ਉਨ੍ਹਾਂ ਦਿਨਾਂ ‘ਚ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਦੇ ਹੀ ਮੈਂਬਰ ਸਨ।
ਇਸ ਚੋਣ ਦੌਰਾਨ ਪ੍ਰੋ.ਚੰਦੂਮਾਜਰਾ ਨੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਮੋਬਾਈਲ ਫ਼ੋਨ ਨਹੀਂ ਸਨ ਹੁੰਦੇ ਅਤੇ ਆਮ ਘਰਾਂ ‘ਚ ਲੈਂਡਲਾਈਨ ਲੱਗਣੇ ਸ਼ੁਰੂ ਹੋ ਗਏ ਸਨ। ਦੁਪਹਿਰ ਦੇ ਖਾਣੇ ਸਮੇਂ ਮੈਂ ਜਦੋਂ ਘਰ ਆਇਆ ਤਾਂ ਮੈਨੂੰ ਫ਼ੋਨ ਆਇਆ ਕਿ ਪ੍ਰੈੱਸ (ਭਾਵ ਰੋਜ਼ਾਨਾ ਚੜ੍ਹਦੀਕਲਾ ਦੇ ਦਫ਼ਤਰ) ਤੁਰੰਤ ਆ ਜਾਓ, ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨੀ ਹੈ। ਦਫ਼ਤਰ ਤੋਂ ਕੁੱਝ ਦੂਰੀ ‘ਤੇ ਮੇਰਾ ਘਰ ਸੀ ਅਤੇ ਮੈਂ ਤੁਰੰਤ ਦਫ਼ਤਰ ਗਿਆ ਅਤੇ ਉਥੋਂ ਮੈਂ ਮਹਿਲਾਂ ‘ਚ ਫ਼ੋਨ ਕੀਤਾ। ਮੈਂ ਫ਼ੋਨ ਕੀਤਾ ਅਤੇ ਅੱਗਿਓਂ ਉਥੇ ਵੀ ਮਾਲਵਿੰਦਰ ਸਿੰਘ ਮਾਲੀ (ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਟਾਫ਼ ਵਿਚੋਂ) ਨੇ ਫ਼ੋਨ ਚੁੱਕਿਆ। ਉਸ ਨਾਲ ਰਸਮੀ ਗੱਲਬਾਤ ਤੋਂ ਉਸ ਮਾਲੀ ਨੇ ਮੈਨੂੰ ਕਿਹਾ, ”ਆਪਾਂ ਪਹਿਲੀ ਵਾਰ ਗੱਲ ਕਰ ਰਹੇ ਹਾਂ। ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਸਾਹਿਬ ਕਹਿ ਕੇ ਸੰਬੋਧਨ ਕਰਨਾ।”
ਮੈਂ ਉਸ ਨੂੰ ਕਿਹਾ ਕਿ ਅਮਰਿੰਦਰ ਸਿੰਘ ਸਾਡੇ ਸਾਰਿਆਂ ਦੇ ਸਤਿਕਾਰਤ ਲੀਡਰ ਹਨ। ਜੇਕਰ ਮੈਂ ਕੈਪਟਨ ਸਾਹਿਬ ਕਹਿ ਦਵਾਂ ਤਾਂ ਕੀ ਹਰਜ਼ ਹੈ। ਤਾਂ ਅੱਗਿਓਂ ਉੱਤਰ ਮਿਲਿਆ, ”ਜੇਕਰ ਤੁਸੀਂ ਮਹਾਰਾਜਾ ਕਹਿ ਦੇਵੋਗੇ ਤਾਂ ਤੁਹਾਡਾ ਕੀ ਘੱਸ ਜਾਵੇਗਾ।”ਉਸ ਨੇ ਮੇਰੇ ਉੱਤੇ ਇਸ ਗੱਲ ਦਾ ਦਬਾਅ ਪਾਇਆ ਕਿ ਮੈਂ ਕੈਪਟਨ ਸਾਹਿਬ ਨੂੰ ਮਹਾਰਾਜਾ ਸਾਹਿਬ ਕਹਿ ਕੇ ਸੰਬੋਧਨ ਕਰਾਂ। ਖ਼ੈਰ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਹੋਈ ਉਨ੍ਹਾਂ ਦਾ ਸੰਬੋਧਨ ਬਹੁਤ ਹੀ ਸ਼ਾਲੀਨਤਾ ਵਾਲਾ ਸੀ ਅਤੇ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਅਤੇ ਪ੍ਰੋ.ਚੰਦੂਮਾਜਰਾ ਅਤੇ ਅਕਾਲੀ ਦਲ ਨੂੰ ਵਧਾਈ ਦਿੱਤੀ, ਪਰ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਮਾਣ-ਸਤਿਕਾਰ ਨਾ ਦਿੱਤਾ ਅਤੇ ਇਥੋਂ ਤਕ ਕਿ ਵਿਧਾਨ ਸਭਾ ਚੋਣਾਂ ਸਮੇਂ ਟਿੱਕਟ ਵੀ ਨਹੀਂ ਦਿੱਤੀ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਕਸ਼ਮਕਸ਼ ਚੱਲ ਰਹੀ ਸੀ ਕਿ ਆਖਿਰ ਉਹ ਕਿਹੜਾ ਸਿਆਸੀ ਰਾਹ ਲੱਭਣ। ਇਸ ਲਈ ਉਨ੍ਹਾਂ ਨੇ ਪਟਿਆਲਾ ‘ਚ ਇੱਕ ਸਿਆਸੀ ਇਕੱਠ ਕੀਤਾ। ਉਸ ‘ਚ ਜੰਮੂ-ਕਸ਼ਮੀਰ ਦੇ ਆਗੂ ਫ਼ਾਰੂਖ਼ ਅਬਦੁੱਲਾ ਨੂੰ ਵੀ ਸੱਦਿਆ ਗਿਆ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਪੁੱਜੇ। ਮੈਂ ਵੀ ਮਾਲਵਿੰਦਰ ਸਿੰਘ ਮਾਲੀ ਨਾਲ ਉੱਥੇ ਪਹੁੰਚਿਆ। ਉਸ ਇਕੱਠ ‘ਚ ਦੂਜਾ ਮਾਲਵਿੰਦਰ ਸਿੰਘ ਮਾਲੀ ਵੀ ਮੌਜੂਦ ਸੀ। ਜਦੋਂ ਦੋਵੇਂ ਮਾਲੀ ਆਹਮੋ-ਸਾਹਮਣੇ ਹੋਏ ਤਾਂ ਜਥੇਦਾਰ ਟੌਹੜਾ ਵਾਲੇ ਮਾਲੀ ਨੇ ਕੈਪਟਨ ਅਮਰਿੰਦਰ ਸਿੰਘ ਵਾਲੇ ਮਾਲੀ ਨੂੰ ਕਿਹਾ ਕਿ ਭਰਾਵਾ ਤੇਰੇ ਕਾਰਨ ਮੈਂ ਕਈ ਮਹੀਨੇ ਪੁਲੀਸ ਦੀਆਂ ਰੋਟੀਆਂ ਖਾਧੀਆਂ ਨੇ ਅਤੇ ਪੁਲੀਸ ਨੇ ਮੈਨੂੰ ਕਈ ਦਿਨਾਂ ਤਕ ਟੰਗੀ ਰੱਖਿਆ।
ਕਿਉਂ ਟੰਗਿਆ ਸੀ, ਇਸ ਸਬੰਧ ‘ਚ ਮਾਲਵਿੰਦਰ ਸਿੰਘ ਨੇ ਆਪਣੀ ਪੋਸਟ ਸਾਂਝੀ ਕੀਤੀ ਹੈ ਕਿ ਕੈਪਟਨ ਵਾਲੇ ਮਾਲੀ ‘ਤੇ ਦੋਸ਼ ਸੀ ਕਿ ਉਸ ਕੋਲ ਨਜਾਇਜ਼ ਹਥਿਆਰ ਸਨ, ਪਰ ਪੁਲੀਸ ਨੇ ਉਸ ਮਾਲੀ ਦੀ ਥਾਂ ਇਸ ਮਾਲੀ ਨੂੰ ਚੁੱਕ ਲਿਆ ਸੀ।
ਉਹ ਪੋਸਟ ਪਾਠਕਾਂ ਦੇ ਪੜ੍ਹਨ ਹਿੱਤ:
** ਯਾਦਾਂ ਦੇ ਝਰੋਖੇ ‘ਚੋ: ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਖਾੜਕੂਆਂ ਨਾਲ ਸੰਬੰਧਾਂ ਕਾਰਨ ਮੈਨੂੰ CIA ਸਟਾਫ਼ ਲੱਡਾ ਕੋਠੀ (ਬਹਾਦਰ ਸਿੰਘ ਵਾਲਾ, ਸੰਗਰੂਰ) ‘ਚ ਕੱਚੀ ਫ਼ਾਂਸੀ ‘ਤੇ ਲਟਕਾਇਆ। **
** ਗੱਲ 1993 ਦੀ ਹੈ। ਮੈ ਜਲੰਧਰ ‘ਚ ਪੰਜਾਬੀ ਟਿਰਬਿਊਨ ਦਾ ਪੱਤਰਕਾਰ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਮਾਸਟਰਜ਼ ਔਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ‘ਚ ਦਾਖਲ ਹੋਣ ਦੀ ਇੰਟਰਵਿਊ ਦੇਣ ਲਈ ਮੈਂ ਆਪਣੇ ਪਿੰਡ ਸਕਰੌਦੀ ਆਇਆ ਹੋਇਆ ਸੀ। ਉਸ ਵੇਲੇ ਮੇਰੇ ਖ਼ਿਲਾਫ਼ ਮਨੁੱਖੀ ਹੱਕਾਂ ਲਈ ਜਸਟਿਸ ਬੈਂਸ ਦੀ ਅਗਵਾਈ ‘ਚ ਜਾਂਚ ਪੜਤਾਲਾਂ ‘ਚ ਮੋਹਰੀ ਰੋਲ ਨਿਭਾਉਣ ਕਰ ਕੇ ਕੇਸ ਦਰਜ ਸਨ ਪਰ ਮੈਨੂੰ ਅਦਾਲਤ ਤੋਂ ਅਗਾਓਂ ਜ਼ਮਾਨਤ ਮਿਲੀ ਹੋਈ ਸੀ। **
** ਮੇਰੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਬਿੱਟੂ ਗਰੇਵਾਲ ਦੇ ਪਿਤਾ ਮਾਸਟਰ ਨਿਰਭੈ ਸਿੰਘ ਦੀ ਸਿੱਖਿਆ ਵਿਭਾਗ ‘ਚ ਬਦਲੀ ਦੇ ਸੰਬੰਧ ‘ਚ ਲੁਧਿਆਣਾ ਤੋਂ ਪੰਜਾਬੀ ਟਿਰਬਿਊਨ ਦੇ ਪੱਤਰਕਾਰ ਸਤਿਬੀਰ ਸਿੰਘ ਰਾਹੀ ਅਸੀਂ ਲੁਧਿਆਣਾ ਸਿੱਖਿਆ ਮੰਤਰੀ ਹਰਨਾਮ ਦਾਸ ਜੌਹਰ ਨੂੰ ਮਿਲਣ ਲਈ ਬੱਸ ਰਾਹੀਂ ਜਾ ਰਹੇ ਸੀ ਕਿ ਕਿ ਮੇਰੇ ਪਿੰਡ ਨੇੜਲੇ ਘੁਮੰਡ ਸਿੰਘ ਵਾਲਾ ਦੇ ਪੁਲਿਸ ਕੈਟ ਬਣੇ ਮੁੰਡੇ ਦੀ ਮੁਖ਼ਬਰੀ ‘ਤੇ ਮੈਨੂੰ ਮਲੇਰਕੋਟਲਾ ਤੋਂ ਐਨ ਪਹਿਲਾਂ ਥਾਣੇ ਅੱਗੇ ਬੱਸ ਰੋਕ ਕੇ ਸੁਖਦੇਵ ਸਿੰਘ ਬਰਾੜ, ਜੋ ਬਾਅਦ ‘ਚ ਬਾਦਲ ਸਰਕਾਰ ਵੇਲੇ ਬਾਦਲ ਸਾਹਿਬ ਦਾ ਸੁਰੱਖਿਆ ਇਨਚਾਰਜ ਵੀ ਰਿਹਾ, ਨੇ ਹਿਰਾਸਤ ‘ਚ ਲੈ ਲਿਆ। **
** ਸੰਖੇਪ ਵਿੱਚ, ਲੋਹਟਬੱਦੀ ਪੁਲੀਸ ਚੌਂਕੀ ‘ਚ ਸਾਰਾ ਦਿਨ ਰੱਖਣ ਤੋਂ ਬਾਅਦ ਮੈਨੂੰ ਰਾਤ ਨੂੰ ਲੱਡਾ ਕੋਠੀ ਲਿਆਂਦਾ ਗਿਆ। ਲੋਹਟਬੱਧੀ ਵਾਲਾ ਚੌਂਕੀ ਇਨਚਾਰਜ ਰੌਲਾ ਪਾਉਂਦਾ ਰਿਹਾ ਕਿ ਸਾਡੇ ਗਲ ‘ਚ ਤਾਂ ਪਹਿਲਾਂ ਹੀ ਪੱਤਰਕਾਰ ਰਾਮ ਸਿੰਘ ਬਿਲਿੰਗ ਨੂੰ ਮਾਰਨ ਵਾਲਾ ਸੱਪ ਪਿਆ ਹੋਇਆ ਹੈ ਆਹ ਤੁਸੀਂ ਇੱਕ ਹੋਰ ਪੱਤਰਕਾਰ ਨੂੰ ਮਾਰਨ ਲਈ ਸਾਡੇ ਗਲ ਹੀ ਕਿਉਂ ਮੜ੍ਹ ਰਹੇ ਹੋ? **
** ਅਸਲ ਮੁੱਦੇ ‘ਤੇ ਆਈਏ। ਲੱਡਾ ਕੋਠੀ ਆਉਣ ਸਾਰਾ ਮੈਨੂੰ ਅਲਫ਼ ਨੰਗਾ ਕਰ ਦਿੱਤਾ, ਮੇਰੇ ਵਲੋਂ ਕੱਪੜੇ ਨਾ ਉਤਾਰਨ ਕਾਰਨ ਤਰਲੋਚਨ ਸਿੰਘ ASI (ਜੋ ਲੌਂਡੇ ਦੇ ਨਾਮ ਨਾਲ ਮਸ਼ਹੂਰ ਸੀ) ਨੇ ਮੇਰੀ ਘਸੁੰਨ ਪਰੇਡ ਵੀ ਕੀਤੀ ਅਤੇ ਮੈਨੂੰ ਕੱਚੀ ਫ਼ਾਂਸੀ ‘ਤੇ ਲਟਕਾ ਦਿੱਤਾ। ਮੇਰੀ ਪੁੱਛ ਗਿੱਛ SP ਦਰਬੰਗਾ ਅਤੇ DSP ਗੁਰਦੀਪ ਸਿੰਘ ਪੰਨੂ (ਜੋ ਖਿਡਾਰੀ ਹੋਣ ਕਰ ਕੇ ਮੁਕਾਬਲਤਨ ਚੰਗੇ ਅਫ਼ਸਰ ਵਜੋਂ ਜਾਣਿਆ ਜਾਂਦਾ ਸੀ) ਕਰ ਰਹੇ ਸਨ। **
** ਮੈਨੂੰ ਪਹਿਲਾ ਸੁਆਲ ਸੀ ਤੂੰ ਨੀਲਾ ਮਹਿਲ ‘ਚ ਗੁਰਜੰਟ ਸਿੰਘ ਰਾਜਸਥਾਨੀ ਨੂੰ ਬੁਲਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਾਇਆ ਅਤੇ ਉਸ ਨੂੰ ਦੋ ਸਪ੍ਰਿੰਗ ਫ਼ੀਲਡ ਰਾਇਫ਼ਲਾਂ ਦਿੱਤੀਆਂ। ਦੂਜਾ ਸੁਆਲ ਸੀ ਤੂੰ ਬਾਲਦ ਕਲਾਂ ਵਾਲੇ ਖਾੜਕੂ ਖੇਮ ਸਿੰਘ ਅਤੇ ਰਾਜ ਸਿੰਘ (ਦੋਵੇਂ ਭਰਾ, ਜੋ ਬਾਅਦ ‘ਚ ਪੁਲਿਸ ਮੁਕਾਬਲੇ ‘ਚ ਮਾਰ ਦਿੱਤੇ ਗਏ ਸਨ, ਹੁਣ ਮੇਰੇ ਦਿਮਾਗ਼ ‘ਚ ਕੈਪਟਨ ਦਾ ਉਹ ਬਿਆਨ ਵੀ ਰੜਕ ਰਿਹਾ ਹੈ ਜਿਸ ‘ਚ ਉਸ ਨੇ ਪੰਜਾਬ ਪੁਲੀਸ ਉੱਪਰ ਦੋਸ਼ ਲਾਇਆ ਸੀ ਕਿ ਉਸ ਨੇ ਦਰਜਨਾਂ ਸਿੱਖ ਮੁੰਡੇ ਪੁਲੀਸ ਕੋਲ ਪੇਸ਼ ਕਰਵਾਏ ਸਨ, ਪਰ ਉਹ ਸਾਰੇ ਹੀ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰ ਮੁਕਾ ਦਿੱਤੇ ਗਏ) ਨੂੰ ਕੈਪਟਨ ਅਮਰਿੰਦਰ ਸਿੰਘ ਦੇ ਗੰਨ ਮੈਨ ਬਣਾਇਆ। **
** ਮੈਂ ਉਸ ਵੇਲੇ ਤਕ ਕੈਪਟਨ ਦਾ ਨੀਲਾ ਮਹਿਲ ਬਾਹਰੋਂ ਵੀ ਨਹੀਂ ਸੀ ਦੇਖਿਆ। ਖੇਮ ਸਿੰਘ ਨੂੰ ਮੈ ਚੰਗੀ ਤਰਾਂ ਜਾਣਦਾ ਸੀ, ਪਰ ਜਦੋਂ ਤੋਂ ਉਹ ਸਿੱਖ ਖਾੜਕੂਆਂ ‘ਚ ਸ਼ਾਮਿਲ ਹੋਇਆ ਮੈਂ ਉਸਨੂੰ ਕਦੇ ਮਿਲਿਆ ਜਾਂ ਦੇਖਿਆ ਨਹੀਂ ਸੀ। ਪਰ ਕੱਚੀ ਫ਼ਾਂਸੀ, ਜੋ ਮੇਰਾ ਮਾਸ ਨੋਚ ਰਹੀ ਸੀ, ਤੋਂ ਖਹਿੜਾ ਛੁਡਾਉਣ ਲਈ ਮੈਂ ਝੂਠ ਕਿਹਾ ਕਿ ਮੇਰੇ ਕੋਲ ਹਥਿਆਰ ਹਨ ਅਤੇ ਮੈਂ ਉਹ ਦੇ ਦਿੰਦਾ ਹਾਂ ਅਤੇ ਮੈਨੂੰ ਕੱਚੀ ਫ਼ਾਂਸੀ ਤੋਂ ਲਾਹ ਲਿਆ। **
** ਮੇਰੇ ਦੋਵੇਂ ਮੋਢੇ ਨਿਕਲ ਗਏ ਸਨ ਅਤੇ ਤਰਲੋਚਨ ਨੇ ਮੈਨੂੰ ਕੰਧ ਨਾਲ ਖੜ੍ਹਾ ਕਰ ਕੇ ਆਪਣੀ ਤਕਨੀਕ ਨਾਲ ਧੱਫ਼ੇ ਮਾਰ ਕੇ ਮੇਰੇ ਮੋਢੇ ਮੁੜ ਅੰਦਰ ਕਰ ਦਿੱਤੇ, ਚੜ੍ਹਾ ਦਿੱਤੇ। **
** ਅਚਾਨਕ ਉਸੇ ਵੇਲੇ CIA ਇਨਚਾਰਜ ਲਾਲ ਸਿੰਘ ਇੱਕ ਫ਼ਾਈਲ ਲੈ ਕੇ ਤੇਜ਼ੀ ਨਾਲ ਅੱਗੇ ਆਇਆ ਅਤੇ ਬੋਲਿਆ, ”ਸਰ ਇਹ ਫ਼ਾਈਲ ਜਿਸ ਅੰਦਰ ਦਰਜ ਰਿਪੋਰਟਾਂ ਦੇ ਅਧਾਰ ‘ਤੇ ਮੇਰੀ ਪੁੱਛ ਗਿੱਛ ਹੋ ਰਹੀ ਸੀ, ਕੈਪਟਨ ਸਾਹਿਬ ਦੇ PA ਮਾਲਵਿੰਦਰ ਸਿੰਘ ਮਾਲੀ ਖੁਰਦ ਵਾਲੇ ਦੀ ਹੈ, ਇਸ ਸਕਰੌਦੀ ਵਾਲੇ ਮਾਲਵਿੰਦਰ ਸਿੰਘ ਮਾਲੀ ਦੀ ਫ਼ਾਈਲ ਤਾਂ ਆਹ ਹੈ। **
** ਯਕਲਖ਼ਤ ਖ਼ਾਮੋਸ਼ੀ ਛਾ ਗਈ ਅਤੇ ਦੋਵੇਂ ਅਫ਼ਸਰ ਫ਼ਾਈਲ ਪੜ੍ਹਨ ਤੋਂ ਬਾਅਦ ਬੋਲੇ ਕਿ ਤੂੰ ਅੱਜ ਕੱਲ੍ਹ ਕਿੱਥੇ ਰਹਿੰਦੈਂ ਅਤੇ ਕੀ ਕਰਦੈਂ? ਮੈ ਕਿਹਾ ਮੈ ਜਲੰਧਰ ਹਾਊਸ ਨੰਬਰ 44 ਵਿਜੇ ਨਗਰ, ਨੇੜੇ ਫ਼ੁੱਟਬਾਲ ਚੌਕ ਰਹਿੰਦਾ ਹਾਂ ਅਤੇ ਪੰਜਾਬੀ ਟਿਰਬਿਊਨ ਦਾ ਪੱਤਰਕਾਰ ਹਾਂ। ਕਹਿੰਦੇ ਕੀ ਸਬੂਤ ਹੈ? ਮੈਂ ਕਿਹਾ ਮੇਰਾ ਸਰਕਾਰੀ ਪਹਿਚਾਣ ਪੱਤਰ ਮਲੇਰਕੋਟਲਾ ਪੁਲੀਸ ਕੋਲ ਹੈ ਅਤੇ ਅੱਜ ਦੇ ਪੰਜਾਬੀ ਟਿਰਬਿਊਨ ‘ਚ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ‘ਚ ਸ਼ੀਤਲ ਦਾਸ ਯਾਦਗਾਰੀ ਸਮਾਰੋਹ ਸੰਬੰਧੀ ਫ਼ੀਚਰ ਮੇਰੇ ਨਾਮ ‘ਤੇ ਛਪਿਆ ਹੈ। ਪੰਨੂ ਕਹਿੰਦਾ, ”ਹਾਂ ਛਪਿਆ ਤਾਂ ਹੈ ਪਰ ਤੇਰੇ ਨਾਮ ‘ਤੇ, ਇਹ ਨਹੀਂ ਯਾਦ। ਉਏ ਮੁੰਡਿਆ ਲਿਆ ਅੱਜ ਵਾਲਾ ਅਖ਼ਬਾਰ। ਅਖ਼ਬਾਰ ਆ ਗਿਆ ਅਤੇ ਉਹਨਾਂ ਪੜ੍ਹਿਆ, ਉੱਠ ਕੇ ਖੜ੍ਹੇ ਹੋ ਗਏ। ਪੰਨੂ ਨੇ ਕਿਹਾ ਮੁੰਡਿਓ ਖ਼ਿਆਲ ਰੱਖਿਓ ਅਤੇ ਮਾੜਾ ਮੋਟਾ ਛਾਤੀ ਤੇ ਮੋਢਿਆਂ ਨੂੰ ਦੱਬ ਦੁੱਬ ਕੇ ਸੈੱਟ ਕਰ ਦਿਓ।”**
** ਗਰਮੀ ਅਤੇ ਹੁਮਸ ਸੀ, ਮੈਨੂੰ ਨਿਰਮਲ ਸਿੰਘ ਮੁਨਸ਼ੀ ਨੇ ਆਪਣੇ ਕਮਰੇ ‘ਚ ਲੱਕੜ ਦੇ ਸ਼ਿਕੰਜੇ ‘ਚ ਮੇਰੇ ਦੋਵੇਂ ਪੈਰ ਗਿੱਟਿਆਂ ਕੋਲੋਂ ਫ਼ਸਾ ਕੇ ਪੱਖੇ ਹੇਠ ਲਿਟਾ ਦਿੱਤਾ ਅਤੇ ਕਿਹਾ ਪੱਤਰਕਾਰ ਸਾਹਿਬ ਤੁਹਾਨੂੰ A ਕਲਾਸ ਹਵਾਲਾਤ ਦਿੱਤੀ ਹੈ ਪਰ ਸਿਕੰਜਾ ਤਾਂ ਸਾਨੂੰ ਲਾਉਣਾ ਹੀ ਪੈਣਾ। ਯਕਲਖ਼ਤ ਮਹੌਲ ਖ਼ੁਸ਼ਗਵਾਰ ਹੋ ਗਿਆ, ਕਹਿਣ ਲੱਗੇ ਪੱਤਰਕਾਰ ਭੁਲੇਖੇ ‘ਚ ਹੀ ਰਗੜਿਆ ਗਿਆ, ਤੇਰੀ ਜਾਨ ਬਚ ਗਈ, ਛੱਡ ਦੇਣਗੇ ਹੁਣ ਤੈਨੂ। **
** ਪਰ ਅੱਗੇ ਕੀ ਹੋਇਆ, ਉਹ ਵੀ ਘੱਟ ਦਿਲਚਸਪ ਨਹੀਂ। ਗਿਆਰਾਂ ਕੁ ਵਜੇ ਉੱਥੇ ਬੁੱਚੜ ਵਜੋਂ ਜਾਣਿਆ ਜਾਂਦਾ ਪੁਲਸੀਆ ਆਇਆ ਅਤੇ ਗਾਲ੍ਹਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ … ਤੂੰ ਤਾਂ ਪੰਥਕ ਕਮੇਟੀ ਦਾ ਮੈਂਬਰ ਹੈ, ਸਾਡੇ ਪੁਲਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਕਾਤਲ ਹੈਂ, ਗੰਦੀਆਂ ਗਾਲ੍ਹਾਂ ਜਾਰੀ ਰਹੀਆਂ … ਤੂੰ ਤਾਂ ਦਿਮਾਗ਼ ਹੈਂ ਕੁੱਤਿਆਂ ਦਾ ….ਹੁਣ ਚੰਡੀਗੜ੍ਹ ਤੋਂ ਟੀਮ ਆ ਰਹੀ ਹੈ ਜਿਹੜੀ ਤੈਨੂੰ ਸਿਖਾਊ ਅਸਲ ਪੱਤਰਕਾਰੀ … ਗਾਲ੍ਹ..ਸਾਨੂੰ ਤਾਂ ਤੂੰ ਕੱਲ੍ਹ ਬਣਾ ਗਿਆ ਸੀ ਫ਼ੁੱਦੂ। … **
** ਹਾਲੇ ਐਨਾ ਹੀ ….**
ਮਾਲਵਿੰਦਰ ਸਿੰਘ ਮਾਲੀ ਦੀ ਫ਼ੇਸਬੁੱਕ ਤੋਂ ਚੁੱਕਿਆ।
ਉਸ ਤੋਂ ਬਾਅਦ ਆਖਿਰ ਉਹ ਕਾਂਗਰਸ ‘ਚ ਸ਼ਾਮਿਲ ਹੋ ਗਏ। ਦਿਲਚਸਪ ਗੱਲ ਇਹ ਹੈ ਕਿ 1998 ‘ਚ ਫ਼ਿਰ ਤੋਂ ਲੋਕ ਸਭਾ ਚੋਣਾਂ ਹੋਈਆਂ ਅਤੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਤੋਂ ਤਕਰੀਬਨ 33 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਅਲੱਗ ਹੋ ਗਏ ਅਤੇ ਕਾਂਗਰਸੀ ਲੀਡਰ ਬਣ ਗਏ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦੇ ਮੁਖੀ ਪ੍ਰਕਾਸ਼ ਸਿੰਘ ਬਾਅਦ ਜੋ ਮੁੱਖ ਮੰਤਰੀ ਵੀ ਸਨ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਚਾਲੇ ਵੀ ਦਰਾੜ ਪੈਦਾ ਹੋ ਗਈ ਅਤੇ ਇਹ ਧੜਾ ਵੀ ਅਕਾਲੀ ਦਲ ਨਾਲੋਂ ਵੱਖ ਹੋ ਗਿਆ।
ਖ਼ੈਰ, ਗੱਲ ਮਾਲੀ ਬਨਾਮ ਮਾਲੀ ਦੀ ਸੀ। ਇਹ ਬਾਕੀ ਵੇਰਵੇ ਸੰਦਰਭ ਜੋੜਨ ਲਈ ਦਿੱਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਕੇ ਭਰਾ ਦਾ ਨਾਮ ਵੀ ਮਾਲਵਿੰਦਰ ਸਿੰਘ ਹੈ।