ਮਜੀਠਾ – ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖ ਵਿਰੋਧੀ ਰਹੀ ਹੈ, ਕਿਉਂਕਿ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਹੀ ਜਿਥੇ 84 ਵਿੱਚ ਸਿੱਖ ਕਤਲੇਆਮ ਹੋਇਆ, ਉਥੇ ਨਾਲ ਹੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਅਮਰਜੈਂਸੀ ਲਾਗੂ ਕਰ ਦਿੱਤੀ। ਉਸ ਦੇ ਬਾਵਜੂਦ ਅੱਜ ਤੱਕ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਤੱਕ ਨਹੀਂ ਮਿਲ ਸਕੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤਾ ਗਿਆ।
ਮਜੀਠੀਆ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਵਿੱਚ ਸ਼ਾਸਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਸੜਕਾਂ ’ਤੇ ਰੋਲ ਕੇ ਰੱਖ ਦਿੱਤਾ, ਉਥੇ ਨਾਲ ਹੀ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਦੀ ਬਜਾਏ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਨੂੰ ਸੱਤਾ ਦੀ ਲੀਹਾਂ ਤੋਂ ਪਰੇ ਕਰ ਦੇਣਗੀਆਂ।
ਮਜੀਠੀਆ ਨੇ ਹਰੀਸ਼ ਰਾਵਤ ਦੇ ਉਸ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ, ਜਿਸ ਰਾਹੀਂ ਰਾਵਤ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਚਾਰ ਸਾਥੀਆਂ ਦੀ ਤੁਲਨਾ ‘ਪੰਜ ਪਿਆਰੇ ਸਾਹਿਬਾਨ’ ਨਾਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰਾਵਤ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇਕ ਵਾਰੀ ਜ਼ਰੂਰ ਸੋਚ ਲੈਣ, ਕਿਉਂਕਿ ਇਸ ਨਾਲ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਮਜੀਠੀਆ ਨਾਲ ਹੋਰਨਾਂ ਤੋਂ ਇਲਾਵਾ ਜੋਧ ਸਿੰਘ ਸਮਰਾ ਸਕੱਤਰ ਜਨਰਲ ਯੂਥ ਅਕਾਲੀ ਦਲ (ਬ), ਸਲਵੰਤ ਸਿੰਘ ਸੇਠ ਪ੍ਰਧਾਨ ਨਗਰ ਕੌਂਸਲ ਮਜੀਠਾ, ਮੇਜਰ ਸ਼ਿਵਚਰਨ ਸਿੰਘ ਓ. ਐੱਸ. ਡੀ., ਐਡਵੋਕੇਟ ਰਾਕੇਸ਼ ਪਰਾਸ਼ਰ ਸਿਆਸੀ ਸਲਾਹਕਾਰ ਮਜੀਠੀਆ, ਓਂਕਾਰ ਸਿੰਘ, ਜਥੇਦਾਰ ਹਰਪਾਲ ਸਿੰਘ, ਬਾਬਾ ਮਹਿੰਦਰ ਸਿੰਘ ਕੌਂਸਲਰ, ਮੁਖਤਾਰ ਸਿੰਘ, ਸੁੱਚਾ ਸਿੰਘ ਮੌਜੂਦ ਸਨ।