ਕਰਾਚੀ – ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਔਪ੍ਰੇਸ਼ਨ ਸੇਂਟਰ (NCOC) ਨੇ ਪਾਕਿਸਤਾਨ ਅਤੇ ਨਿਊ ਜ਼ੀਲੈਂਡ ਵਿਚਾਲੇ ਆਗਾਮੀ ਸੀਰੀਜ਼ ਦੌਰਾਨ ਮੈਦਾਨ ‘ਤੇ 25 ਫ਼ੀਸਦੀ ਦਰਸ਼ਕਾਂ ਦੀ ਮੌਜੂਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। NCOC ਦੇ ਐਲਾਨ ਅਨੁਸਾਰ ਲਗਭਗ 4, 500 ਦਰਸ਼ਕਾਂ ਨੂੰ ਵਨ ਡੇ ਮੈਚ ਦੇਖਣ ਦੀ ਆਗਿਆ ਦਿੱਤੀ ਜਾਵੇਗੀ, ਜਦਕਿ ਲਗਭਗ 5, 500 ਦਰਸ਼ਕਾਂ ਨੂੰ T-20 ਸੀਰੀਜ਼ ਦੇ ਲਈ ਮੈਦਾਨ ‘ਚ ਬੈਠਣ ਦਿੱਤਾ ਜਾ ਸਕਦਾ ਹੈ। ਹਾਲਾਂਕਿ ਮੈਦਾਨ ‘ਚ ਕੇਵਲ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣਗੀਆਂ ਅਤੇ ਉਨ੍ਹਾਂਕੋਲ ਆਪਣੇ ਟੀਕਾਕਰਣ ਦਾ ਸਰਟੀਫ਼ਿਕੇਟ ਹੋਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਮੁੱਖ ਕਾਰਜਕਾਰੀ ਵਸੀਮ ਖ਼ਾਨ ਨੇ ਸੋਮਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਦਰਸ਼ਕ ਕਿਸੇ ਵੀ ਖੇਡ ਆਯੋਜਨ ਦਾ ਸਾਰ ਹੁੰਦੇ ਹਨ ਕਿਉਂਕਿ ਉਹ ਖਿਡਾਰੀਆਂ ਲਈ ਉਤਮਤਾ, ਪ੍ਰਦਰਸ਼ਨ ਅਤੇ ਖ਼ੁਸ਼ੀ ਦਾ ਮਾਹੌਲ ਬਣਾਉਾਂਦੇ ਹਨ। ਅਸੀਂ PCB ਨੂੰ ਅੱਠ ਮੈਚਾਂ ਲਈ 25 ਫ਼ੀਸਦੀ ਦਰਸ਼ਕਾਂ ਨੂੰ ਬੁਲਾਉਣ ਦੀ ਇਜਾਜ਼ਤ ਦੇਣ ਦੇ ਲਈ NCOC ਦੇ ਧੰਨਵਾਦੀ ਹਾਂ। ਮੈਨੂੰ ਯਕੀਨ ਹੈ ਕਿ NCOC ਦੇ ਫ਼ੈਸਲੇ ਤੋਂ ਬਾਅਦ ਬਿਨਾਂ ਟੀਕਾਕਰਣ ਵਾਲੇ ਕ੍ਰਿਕਟ ਫ਼ੌਲੋਅਰ ਆਪਣੀ ਟੀਕਾਕਰਣ ਪ੍ਰਕਿਰਿਆ ‘ਚ ਤੇਜ਼ੀ ਲਿਆਉਣਗੇ ਤਾਂ ਕਿ ਉਹ 2003 ਤੋਂ ਬਾਅਦ ਦੋਵਾਂ ਟੀਮਾਂ ਦੇ ਵਿਚਾਲੇ ਘਰੇਲੂ ਮੈਦਾਨ ‘ਤੇ ਪਹਿਲੀ ਸੀਰੀਜ਼ ਦੇਖ ਸਕਣ।
ਜ਼ਿਕਰਯੋਗ ਹੈ ਕਿ ਨਿਊ ਜ਼ੀਲੈਂਡ ਪਾਕਿਸਤਾਨ ਦੌਰੇ ‘ਤੇ ਤਿੰਨ ਵਨ ਡੇ ਮੈਚ ਖੇਡੇਗੀ ਜੋ ਕ੍ਰਮਵਾਰ 17, 19 ਅਤੇ 21 ਸਤੰਬਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ ਖੇਡੇ ਜਾਣਗੇ। ਉਸ ਤੋਂ ਬਾਅਦ ਪੰਜ ਮੈਚਾਂ ਦੀ T-20 ਸੀਰੀਜ਼ ਹੋਵੇਗੀ ਜੋ 25 ਸਤੰਬਰ ਤੋਂ ਤਿੰਨ ਅਕਤੂਬਰ ਤਕ ਲਾਹੌਰ ਦੇ ਗ਼ਦਾਫ਼ੀ ਸਟੇਡੀਅਮ ‘ਚ ਆਯੋਜਿਤ ਹੋਵੇਗੀ।