ਢਾਕਾ – ਬੰਗਲਾਦੇਸ਼ੀ ਵਿਕਟਕੀਪਰ ਬੱਲੇਬਾਜ਼ ਮੁਸ਼ਫ਼ਿਕੁਰ ਰਹੀਮ ਅਤੇ ਨੁਰੂਲ ਹਸਨ ਨਿਊ ਜ਼ੀਲੈਂਡ ਵਿਰੁੱਧ ਆਗਾਮੀ ਪੰਜ ਮੈਚਾਂ ਦੀ ਘਰੇਲੂ T-20 ਸੀਰੀਜ਼ ‘ਚ ਵਾਰੀ-ਵਾਰੀ ਨਾਲ ਵਿਕਟਕੀਪਿੰਗ ਕਰਨਗੇ। ਬੰਗਲਾਦੇਸ਼ ਟੀਮ ਦੇ ਮੁੱਖ ਕੋਚ ਰਸੈਲ ਡੋਮਿੰਗੋ ਨੇ ਇਸ ਦੀ ਪੁਸ਼ਟੀ ਕੀਤੀ। ਦਰਅਸਲ ਮੁਸ਼ਫ਼ਿਕੁਰ ਰਹੀਮ ਦੀ ਵਾਪਸੀ ਤੋਂ ਬਾਅਦ ਬੰਗਲਾਦੇਸ਼ ਟੀਮ ਪ੍ਰਬੰਧਨ ਨੂੰ ਸਫ਼ੇਦ ਗੇਂਦ ਕ੍ਰਿਕਟ ‘ਚ ਵਿਕਟਕੀਪਰ ਦੀ ਸਥਿਤੀ ਨੂੰ ਲੈ ਕੇ ਫ਼ੈਸਲਾ ਲੈਣਾ ਸੀ। ਮੁਸ਼ਫ਼ਿਕੁਰ ਪਰਿਵਾਰਕ ਕਾਰਨਾਂ ਦੇ ਕਰ ਕੇ ਜ਼ਿੰਬਾਬਵੇ ‘ਚ T-20 ਸੀਰੀਜ਼ ਅਤੇ ਆਸਟਰੇਲੀਆ ਵਿਰੁੱਧ ਘਰੇਲੂ ਸੀਰੀਜ਼ ਤੋਂ ਖੁੰਝ ਗਿਆ ਸੀ।
ਸਮਝਿਆ ਜਾਂਦਾ ਹੈ ਕਿ ਮੁਸ਼ਫ਼ਿਕੁਰ ਵਿਕਟਕੀਪਿੰਗ ਨਾ ਮਿਲਣ ‘ਤੇ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਸ ਨੇ 82 T-20 ਮੈਚਾਂ ‘ਚ 61 ਵਾਰ ਬੱਲੇਬਾਜ਼ਾਂ ਨੂੰ ਸਟੰਪ ਆਊਟ ਕੀਤਾ ਹੈ। ਇਸ ਦੇ ਮੱਦੇਨਜ਼ਰ ਉਸ ਦੇ ਨਿਊ ਜ਼ੀਲੈਂਡ ਵਿਰੁੱਧ ਵਿਕਟਕੀਪਰ ਦੇ ਰੂਪ ‘ਚ ਜ਼ਿੰਮੇਦਾਰੀ ਸੰਭਾਲਣ ਦੀ ਉਮੀਦ ਸੀ, ਪਰ ਨੁਰੂਲ ਨੇ ਮੌਕੇ ਨੂੰ ਖੋਹ ਲਿਆ ਅਤੇ ਹੁਣ ਉਹ ਬੰਗਲਾਦੇਸ਼ ਲਈ ਦੂਜੀ ਫ਼ਸਟ ਚੁਆਇਸ ਵਿਕਟਕੀਪਰ ਵਜੋਂ ਉਭਰਿਆ ਹੈ। ਡੋਮਿੰਗੋ ਨੇ ਬਿਆਨ ‘ਚ ਕਿਹਾ ਤਿ ਨੁਰੂਲ ਪਹਿਲੇ ਦੋ ਮੈਚਾਂ ‘ਚ ਵਿਕਟਕੀਪਿੰਗ ਕਰੇਗਾ। ਇਸ ਸੀਰੀਜ਼ ‘ਚ ਵਿਕਟਕੀਪਿੰਗ ਦੀ ਜ਼ਿੰਮੇਦਾਰੀ ਨੂੰ ਵੰਡੇ ਜਾਣ ਦੀ ਯੋਜਨਾ ਹੈ। 2-2 ਮੁਕਾਬਲਿਆਂ ‘ਚ ਮੁਸ਼ਫ਼ਿਕੁਰ ਅਤੇ ਨੁਰੂਲ ਵਾਰੀ-ਵਾਰੀ ਨਾਲ ਵਿਕਟਕੀਪਿੰਗ ਕਰਨਗੇ ਅਤੇ ਪੰਜਵੇਂ ਮੈਚ ‘ਚ ਤੈਅ ਹੋ ਜਾਵੇਗਾ ਕਿ ਕੌਣ ਇਹ ਜ਼ਿੰਮੇਦਾਰੀ ਸੰਭਾਲੇਗਾ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿਕਲਪਾਂ ਨੂੰ ਸ਼ਾਮਿਲ ਕਰਨਾ ਮਹੱਤਵਪੂਰਨ ਹੈ।