ਬੀਤੇ ਦਿਨੀਂ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਨੀਰੂ ਬਾਜਵਾ ਨੇ ਆਪਣਾ 40ਵਾਂ ਬਰਥਡੇਅ ਸੈਲੀਬ੍ਰੇਟ ਕੀਤਾ। ਉਸ ਦਿਨ ਨੂੰ ਖ਼ਾਸ ਬਣਾਉਾਂਦੇ ਹੋਏ ਹੰਬਲ ਮੋਸ਼ਨ ਪਿਕਚਰਜ਼ ਅਤੇ ਅਮਨ ਖਟਕਰ ਵਲੋਂ ਨੀਰੂ ਬਾਜਵਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਫ਼ਿਲਮ ਸਨੋਅਮੈਨ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਜੀ ਹਾਂ ਸਨੋਅਮੈਨ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ ਜਿਸ ‘ਤੇ ਨੀਰੂ ਬਾਜਵਾ ਦੀ ਫ਼ੀਚਰਿੰਗ ਵਾਲੇ ਪੋਸਟਰ ‘ਤੇ ਦੱਸਿਆ ਗਿਆ ਹੈ ਕਿ ਇਹ ਫ਼ਿਲਮ 5 ਨਵੰਬਰ 2021 ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਪੋਸਟਰ ਨੂੰ ਨੀਰੂ ਬਾਜਵਾ ਨੇ ਆਪਣੇ ਇਨਸਟਾਗ੍ਰੈਮ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਆਪਣੀ ਟੀਮ ਦਾ ਧੰਨਵਾਦ ਕੀਤਾ ਹੈ। ਸਨੋਅਮੈਨ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਖ਼ੂਬ ਸ਼ੇਅਰ ਹੋ ਰਿਹਾ ਹੈ।
ਦੱਸ ਦਈਏ ਕਿ ਇਸ ਫ਼ਿਲਮ ਦਾ ਨਾਂ ਵੀ ਬਹੁਤ ਹੀ ਦਿਲਚਸਪ ਹੈ ਜਿਸ ਕਰ ਕੇ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਹਨ। ਇਸ ਫ਼ਿਲਮ ‘ਚ ਨੀਰੂ ਬਾਜਵਾ ਨਾਲ ਜੈਜ਼ੀ ਬੀ, ਰਾਣਾ ਰਣਬੀਰ, ਅਰਸ਼ੀ ਖੱਟੜ, ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ‘ਚ ਹੋਇਆ ਹੈ। ਸਨੋਅਮੈਨ ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਅਤੇ ਅਮਨ ਖਟਕਰ ਰਲ ਕੇ ਪ੍ਰੋਡਿਊਸ ਕਰ ਰਹੇ ਹਨ। ਹੁਣ ਇਹ ਫ਼ਿਲਮ 5 ਨਵੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫ਼ਰੰਟ ਦੀ ਤਾਂ ਉਹ ਬੈਕ-ਟੂ-ਬੈਕ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਉਸ ਦੀ ਝੋਲੀ ‘ਚ ਪਹਿਲਾਂ ਤੋਂ ਹੀ ਪਾਣੀ ‘ਚ ਮਧਾਣੀ, ਫ਼ੱਟੇ ਦਿੰਦੇ ਚੱਕ ਪੰਜਾਬੀ ਅਤੇ ਕਲੀ ਜੋਟਾ ਵਰਗੀਆਂ ਕਈ ਫ਼ਿਲਮਾਂ ਪੈ ਚੁੱਕੀਆਂ ਹਨ।