ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ, 24 ਘੰਟਿਆਂ ’ਚ ਆਏ 47 ਹਜ਼ਾਰ ਤੋਂ ਵੱਧ ਕੇਸ

ਨਵੀਂ ਦਿੱਲੀ—ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 47,092 ਨਵੇਂ ਕੇਸ ਆਉਣ ਮਗਰੋਂ ਵਾਇਰਸ ਦੀ ਲਪੇਟ ਵਿਚ ਹੁਣ ਤਕ ਆਏ ਲੋਕਾਂ ਦੀ ਗਿਣਤੀ ਵੱਧ ਕੇ 3,28,57,937 ਹੋ ਗਈ ਹੈ। ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 3,89,583 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਬੀਤੇ ਕੱਲ੍ਹ ਕੋਰੋਨਾ ਦੇ 41,965 ਕੇਸ ਆਏ ਸਨ। ਅੱਜ ਫਿਰ ਕੋਰੋਨਾ ਕੇਸਾਂ ਦੀ ਗਿਣਤੀ ’ਚ ਵੱਡਾ ਉਛਾਲ ਆਇਆ ਹੈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਯਾਨੀ ਕਿ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਾਇਰਸ ਨਾਲ 509 ਹੋਰ ਲੋਕਾਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,39,529 ਹੋ ਗਈ ਹੈ। ਕੋਵਿਡ-19 ਨਾਲ ਮੌਤ ਦਰ 1.34 ਫ਼ੀਸਦੀ ਹੈ। ਦੇਸ਼ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 3,89,583 ਹੋ ਗਈ ਹੈ, ਜੋ ਕੁੱਲ ਕੇਸਾਂ ਦਾ 1.19 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਸਰਗਰਮ ਕੇਸਾਂ ਵਿਚ ਕੁੱਲ 11,402 ਦਾ ਵਾਧਾ ਦਰਜ ਕੀਤਾ ਗਿਆ ਹੈ।
ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 97.48 ਫ਼ੀਸਦੀ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤਕ ਕੁੱਲ 3,20,28,825 ਲੋਕ ਸਿਹਤਯਾਬ ਹੋ ਚੁੱਕੇ ਹਨ। ਇਕ ਦਿਨ ਵਿਚ 35,181 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਮੰਤਰਾਲਾ ਮੁਤਾਬਕ ਬੁੱਧਵਾਰ ਨੂੰ ਇਕ ਦਿਨ ਵਿਚ ਕੋਵਿਡ-19 ਰੋਕੂ ਟੀਕਿਆਂ ਦੀਆਂ 81.09 ਲੱਖ ਖ਼ੁਰਾਕਾਂ ਦਿੱਤੀਆਂ ਗਈਆਂ। ਦੇਸ਼ ਵਿਚ ਹੁਣ ਤਕ ਟੀਕਿਆਂ ਦੀਆਂ ਕੁੱਲ 66.30 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।