ਸੋਚੋ ਅੱਜ ਤੋਂ ਦਸ ਜਾਂ ਵੀਹ ਸਾਲ ਪਹਿਲਾਂ ਤੁਸੀਂ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੁੰਦੇ ਸੀ। ਸੋਚੋ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਤੁਹਾਡੇ ਲਈ ਉਸ ਵਕਤ ਬਹੁਤ ਮਾਅਨਾ ਰੱਖਦੀਆਂ ਸਨ। ਉਨ੍ਹਾਂ ‘ਚੋਂ ਕੁੱਝ ਹਾਲੇ ਵੀ ਓਨੀ ਹੀ ਅਹਿਮੀਅਤ ਰੱਖਦੀਆਂ ਹਨ, ਪਰ ਕੁੱਝ ਦੂਸਰੇ ਮੁੱਦੇ ਅੱਜ ਦੀ ਤਾਰੀਖ਼ ‘ਚ ਲਗਭਗ ਹਾਸੋਹੀਣੀ ਹੱਦ ਤਕ ਬੇਤੁਕੇ ਜਾਪਣ ਲੱਗੇ ਨੇ। ਤੁਸੀਂ ਹੁਣ ਪਹਿਲਾਂ ਨਾਲੋਂ ਕੁਛ ਵੱਡੇ ਵੀ ਹੋ ਚੁੱਕੇ ਹੋ, ਅਤੇ ਆਪਣੇ ਜੀਵਨ ‘ਚ ਕਾਫ਼ੀ ਅੱਗੇ ਵੱਧ ਚੁਕੇ ਹੋ। ਹੁਣ, ਸੋਚੋ ਉਸ ਵਿਅਕਤੀ ਬਾਰੇ ਜਿਸ ਨੂੰ ਤੁਸੀਂ ਕਦੇ ਬੇਇੰਤਹਾ ਪਿਆਰ ਕਰਦੇ ਸੀ – ਕੋਈ ਰਿਸ਼ਤਾ ਜਿਹੜਾ ਇੱਕ ਵਕਤ ਤੁਹਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਣ ਸੀ। ਕੀ ਤੁਸੀਂ ਸੱਚਮੁੱਚ ਉਸ ‘ਚ ਵਾਪਿਸ ਜਾ ਸਕਦੇ ਹੋ ਜਾਂ ਜਾਣਾ ਚਾਹੋਗੇ? ਐਵੇਂ ਬੇਕਰਾਰ ਕਰਨ ਵਾਲੀਆਂ ਰੋਮੈਂਟਿਕ ਯਾਦਾਂ ਦੇ ਚੱਕਰ ‘ਚ ਨਾ ਫ਼ਸੋ। ਵਿਹਾਰਕ ਬਣੋ। ਉਹ ਤਬਦੀਲੀਆਂ ਸਹੀ ਸਨ, ਅਤੇ ਜਿਹੜੀਆਂ ਤਬਦੀਲੀਆਂ ‘ਚੋਂ ਤੁਸੀਂ ਇਸ ਵੇਲੇ ਗੁਜ਼ਰ ਰਹੇ ਹੋ, ਉਹ ਵੀ ਤੁਹਾਡੇ ਲਈ ਠੀਕ ਹੀ ਰਹਿਣਗੀਆਂ।

ਛੋਟੇ-ਮੋਟੇ ਮਤਭੇਦ ਦਾ ਕੀ ਫ਼ਾਇਦਾ ਜੇ ਤੁਸੀਂ ਵੱਡਾ ਝਗੜਾ ਖੜ੍ਹਾ ਕਰ ਸਕਦੇ ਹੋ? ਸੁਲਾਹ ਕਰਨ ਦੀ ਕੀ ਲੋੜ ਜੇ ਤੁਸੀਂ ਹੰਗਾਮਾ ਕਰ ਸਕਦੇ ਹੋ? ਬਿਲਕੁਲ ਇਕੱਲਿਆਂ ਰਹਿਣ ਦਾ ਕੀ ਮਕਸਦ ਜੇ ਤੁਸੀਂ ਕਿਸੇ ਰਿਸ਼ਤੇ ‘ਚ ਰਹਿ ਕੇ ਵੀ ਇਕੱਲਾਪਨ ਮਹਿਸੂਸ ਕਰ ਸਕਦੇ ਹੋ? ਇਹ ਆਖ਼ਰੀ ਸਵਾਲ ਪਹਿਲੇ ਦੋ ਸਵਾਲਾਂ ਦਾ ਜਵਾਬ ਦੇ ਦਿੰਦਾ ਹੈ। ਸਾਡੇ ‘ਚੋ ਕੋਈ ਵੀ ਇਕਾਂਤਵਾਸ ਜਾਂ ਬੇਗਾਨਗੀ ਦੇ ਅਹਿਸਾਸ ‘ਚ ਨਹੀਂ ਜਿਊਣਾ ਚਾਹੁੰਦਾ। ਅਸੀਂ ਸਾਥ ਅਤੇ ਸਹਾਰਾ ਭਾਲਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਪਿਆਰ ਕਰਨ ਲਈ ਕੋਈ ਨਾ ਕੋਈ ਹੋਵੇ, ਅਤੇ ਸਾਨੂੰ ਇਸ ਗੱਲ ਦੀ ਵੀ ਬਾਖ਼ੂਬੀ ਸਮਝ ਹੈ ਕਿ ਅਜਿਹਾ ਓਦੋਂ ਤਕ ਸੰਭਵ ਨਹੀਂ ਜਦੋਂ ਤਕ ਅਸੀਂ, ਬਦਲੇ ‘ਚ, ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਜਿਨ੍ਹਾਂ ਤੋਂ ਅਸੀਂ ਪਿਆਰ ਲੋਚਦੇ ਹਾਂ! ਜਿੱਥੇ ਸ਼ਾਂਤੀ ਸੰਭਵ ਹੈ ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ ਅਤੇ ਉਹ ਤੁਹਾਨੂੰ ਮਿਲ ਜਾਵੇਗੀ।

ਹੁਣ ਤਕ, ਤੁਹਾਨੂੰ ਪਹਿਲਾਂ ਨਾਲੋਂ ਵੱਧ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇੱਕ ਅਹਿਮ ਅਤੇ ਕਰੀਬੀ ਰਿਸ਼ਤੇ ਬਾਰੇ ਤੁਹਾਡੇ ਭਰਮ-ਭੁਲੇਖੇ ਅਤੇ ਸ਼ੰਕੇ, ਕਿਸੇ ਵੀ ਪਲ, ਤੁਹਾਨੂੰ ਦੂਸਰਿਆਂ ‘ਚ ਵਿਸ਼ਵਾਸ ਕਰ ਕੇ ਸੁਰੱਖਿਅਤ ਮਹਿਸੂਸ ਕਰਨ ਦੇ ਕਾਰਨ ਦੇ ਦੇਣ। ਤੁਸੀਂ, ਅਤੀਤ ‘ਚ, ਬਹੁਤ ਸਾਰੀਆਂ ਨਾਕਾਰਾਤਮਕ ਉਮੀਦਾਂ ਨੂੰ ਜ਼ਿੰਦਗੀ ਪ੍ਰਤੀ ਆਪਣੇ ਨਜ਼ਰੀਏ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਦਿੱਤੀ ਹੈ; ਇਸ ਹੱਦ ਤਕ ਕਿ ਤੁਹਾਡੇ ਅੰਦਰੂਨੀ ਭੈਅ ਖ਼ੁਦ-ਬ-ਖ਼ੁਦ ਪੂਰੀਆਂ ਹੋਣ ਵਾਲੀਆਂ ਭਵਿੱਖਬਾਣੀਆਂ ਬਣ ਚੁੱਕੇ ਹਨ। ਹੁਣ, ਤੁਹਾਨੂੰ ਆਪਣੇ ਆਪ ਨੂੰ ਵਧੇਰੇ ਆਸ਼ਾਵਾਦੀ ਬਣਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ, ਅਤੇ ਛੇਤੀ ਹੀ ਉਸ ‘ਚੋਂ ਨਿਕਲਣ ਵਾਲੀਆਂ ਸਾਕਾਰਾਤਮਕ ਆਸਾਂ ਦਾ ਆਧਾਰ ਵੀ ਤੁਹਾਨੂੰ ਦਿਖਾਈ ਦੇਣ ਲੱਗੇਗਾ।

ਹਰ ਕੋਈ ਤੁਹਾਨੂੰ ਪਿਆਰ ਕਿਉਂ ਨਹੀਂ ਕਰਦਾ? ਕੀ ਤੁਸੀਂ ਪਿਆਰੇ ਨਹੀਂ? ਕੀ ਤੁਸੀਂ ਚਲਾਕ, ਮਖੌਲੀਏ ਅਤੇ ਸਿਆਣੇ ਨਹੀਂ? ਕੀ ਤੁਸੀਂ ਤੇਹ ਅਤੇ ਸਨੇਹ ਨਾਲ ਭਰਪੂਰ ਨਹੀਂ? ਖ਼ੈਰ, ਦਰਅਸਲ, ਉਹ ਸਭ ਤਾਂ ਤੁਸੀਂ ਹੋ। ਕਿਸੇ ਵੀ ਚੰਗੇ ਦਿਨ, ਤੁਸੀਂ ਦੋਸਤੀ ਅਤੇ ਜਾਣ-ਪਛਾਣ ਕਰਨ ਦੇ ਕਾਬਿਲ ਇੱਕ ਬੇਹੱਦ ਸ਼ਾਨਦਾਰ ਪ੍ਰਾਣੀ ਹੋ, ਅਤੇ ਇਸ ਵਕਤ ਤੁਸੀਂ ਚੰਗੇ ਦਿਨਾਂ ਦੀ ਇੱਕ ਲੰਬੀ ਲੜੀ ਹੰਢਾ ਰਹੇ ਹੋ! ਸੋ, ਜੇਕਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਤੁਹਾਨੂੰ ਅਲੱਗ-ਥਲੱਗ ਜਾਂ ਬੇਲੋੜਾ ਮਹਿਸੂਸ ਕਰਵਾ ਰਿਹੈ ਤਾਂ ਅਜਿਹਾ ਕਿਉਂ ਹੋ ਰਿਹਾ ਹੈ? ਸ਼ਾਇਦ ਉਨ੍ਹਾਂ ਨੂੰ ਹਾਲੇ ਵੀ ਚੇਤੇ ਹੋਵੇ ਕਿ ਜਦੋਂ ਉਨ੍ਹਾਂ ਨੇ ਤੁਹਾਨੂੰ ਤੁਹਾਡੇ ਭੈੜੇ ਦਿਨ ‘ਤੇ ਦੇਖਿਆ ਸੀ ਤਾਂ ਤੁਸੀਂ ਕਿਸ ਤਰ੍ਹਾਂ ਦੇ ਸੀ! ਅਤੀਤ ਦੇ ਜ਼ਖ਼ਮ ਭਰ ਸਕਦੇ ਨੇ। ਭਵਿੱਖ ਲਈ ਉਮੀਦਾਂ ਉਭਾਰੀਆਂ ਜਾ ਸਕਦੀਆਂ ਹਨ।

ਸਾਨੂੰ ਸਾਡੇ ਜਨਮ ਤੋਂ ਹੀ ਇਹ ਦੱਸਿਆ ਜਾਂਦੈ ਕਿ ਜ਼ਿੰਦਗੀ ਸ਼ਾਨਦਾਰ ਹੈ, ਇਸ ਵਿਚਲਾ ਹਰ ਪਲ ਇੱਕ ਬਖਸ਼ਿਸ਼ ਅਤੇ ਹਰ ਆਉਣ ਵਾਲਾ ਸਵਾਸ ਇੱਕ ਤੋਹਫ਼ਾ। ਫ਼ਿਰ ਵੀ ਕਈ ਵਾਰ ਸਾਨੂੰ ਇੰਝ ਕਿਉਂ ਮਹਿਸੂਸ ਹੁੰਦੈ ਜਿਵੇਂ ਅਸੀਂ ਕਾਰਜਾਂ ਦੇ ਅਜਿਹੇ ਭਾਰ ਹੇਠਾਂ ਦੱਬੇ ਪਏ ਹਾਂ ਜਿਹੜੇ ਸਾਨੂੰ ਨਿਬੇੜਨੇ ਪੈਣੇ ਹਨ ਅਤੇ ਫ਼ਰਜ਼ ਜਿਹੜੇ ਸਾਨੂੰ ਨਿਭਾਉਣੇ ਪੈਣੇ ਨੇ? ਸ਼ਾਇਦ ਸਾਨੂੰ ਇਹ ਸਵਾਲ ਵੀ ਪੁੱਛਣਾ ਚਾਹੀਦੈ, ਰਿਸ਼ਤਿਆਂ ਵਿੱਚ (ਜਿਹੜੇ ਖ਼ੁਦ, ਮੂਲਰੂਪ ‘ਚ, ਇੱਕ ਚੰਗੀ ਸ਼ੈਅ ਹੁੰਦੇ ਹਨ) ਵੀ ਸਾਨੂੰ ਕਦੇ-ਕਦੇ ਪੂਰੀ ਤਰ੍ਹਾਂ ਸੰਤੁਸ਼ਟੀਜਨਕ ਨਾ ਹੋਣ ਦਾ ਰੁਝਾਨ ਕਿਉਂ ਦਿਖਾਈ ਦਿੰਦੈ? ਕਿਉਂਕਿ ਬਹੁਤ ਕੁੱਝ ਸਾਡੇ ਆਪਣੇ ਰਵੱਈਏ ‘ਤੇ ਨਿਰਭਰ ਕਰਦੈ। ਜਿੰਨਾ ਤੁਸੀਂ ਖ਼ੁਦ ਨੂੰ ਬਿਹਤਰ ਢੰਗ ਨਾਲ ਸਮਝ ਰਹੇ ਹੋ, ਤੁਸੀਂ ਦੂਸਰਿਆਂ ਨਾਲ ਬਿਹਤਰ ਤਰੀਕੇ ਨਾਲ ਪੇਸ਼ ਆਉਣ ਦੀ ਖ਼ੁਦ ਦੀ ਕਾਬਲੀਅਤ ਨੂੰ ਓਨਾ ਹੀ ਨਿਖਾਰ ਰਹੇ ਹੋ।