ਕੀ ਕੁਰਬਾਨੀਆਂ ਦੇ-ਦੇ ਕੇ ਤੁਸੀਂ ਹਾਲੇ ਥੱਕੇ ਨਹੀਂ? ਕੀ ਤੁਹਾਨੂੰ ਇੰਝ ਮਹਿਸੂਸ ਨਹੀਂ ਹੁੰਦਾ ਜਿਵੇਂ, ਜੀਵਨ ਵਿਚਲੀ ਲੈਣ-ਦੇਣ ਦੀ ਇਸ ਖੇਡ ‘ਚ, ਤੁਹਾਨੂੰ ਹਮੇਸ਼ਾਂ ਦੂਸਰਿਆਂ ਨੂੰ ਦੇਣ ਦਾ ਕਾਰਜ ਬਹੁਤ ਜ਼ਿਆਦਾ ਕਰਨਾ ਪੈਂਦੈ? ਫ਼ਿਰ ਲੈਣ ਦਾ ਸਾਰਾ ਕੰਮ ਕੌਣ ਸੰਭਾਲਦੈ? ਉਹ ਇੰਨਾ ਜ਼ਿਆਦਾ ਲੈ ਕੇ ਪਚਾ ਕਿਵੇਂ ਰਹੇ ਨੇ? ਕੀ ਹੁਣ ਤਾਕਤ ਦੇ ਤਵਾਜ਼ਨ ਨੂੰ ਬਦਲਣ ਦਾ ਵੇਲਾ ਨਹੀਂ ਆ ਗਿਆ? ਲਗਭਗ ਆ ਗਿਐ! ਉਹ ਪਲ ਆਉਣ ਹੀ ਵਾਲੈ, ਪਰ ਹਾਲੇ ਉਹ ਇੱਥੇ ਨਹੀਂ ਬਹੁੜਿਆ। ਮੈਂ ਸਮਝ ਸਕਦਾਂ ਕਿ ਓਦੋਂ ਕਿੰਨੀ ਖਿੱਝ ਚੜ੍ਹਦੀ ਹੋਵੇਗੀ ਜਦੋਂ ਤੁਹਾਡੇ ਵਰਗੀ ਤਬੀਅਤ ਦੇ ਮਾਲਕ ਨੂੰ ਕੋਈ ਸਬਰ ਕਰਨ ਲਈ ਕਹਿ ਦੇਵੇ। ਪਰ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰੋ। ਤੁਹਾਨੂੰ ਸੱਚਮੁੱਚ ਆਪਣੇ ਸਬਰ ਨੂੰ ਹੁਣ ਬਹੁਤ ਲੰਬਾ ਨਹੀਂ ਖਿੱਚਣਾ ਪੈਣਾ।

ਅੱਜ ਤੋਂ ਕਈ ਦਹਾਕੇ ਪਹਿਲਾਂ, 1982 ਵਿੱਚ, ਕਿਸੇ ਨੇ ਆਤਮ-ਨਿਰਭਰਤਾ ‘ਤੇ ਅੰਗ੍ਰੇਜ਼ੀ ‘ਚ ਇੱਕ ਕਿਤਾਬ ਲਿਖੀ ਸੀ ਜਿਸ ਦੇ ਸਿਰਲੇਖ ਦਾ ਢਿੱਲਾ ਜਿਹਾ ਤਰਜਮਾ ਸੀ, ਹਰ ਸ਼ੈਅ ਬਾਰੇ ਗੱਲਬਾਤ ਜਾਂ ਸੌਦੇਬਾਜ਼ੀ ਮੁਮਕਿਨ ਹੈ। ਉਸ ਵਕਤ ਜਿਨ੍ਹਾਂ ਲੋਕਾਂ ਨੇ ਉਹ ਕਿਤਾਬ ਨਹੀਂ ਵੀ ਪੜ੍ਹੀ ਸੀ, ਉਨ੍ਹਾਂ ਨੂੰ ਵੀ ਕਿਸੇ ਨਾ ਕਿਸੇ ਕਾਰਨ ਇਹ ਵਿਚਾਰ ਪਸੰਦ ਆਇਆ ਸੀ। ਅੱਜਕੱਲ੍ਹ, ਇੰਝ ਜਾਪਦੈ ਜਿਵੇਂ, ਅਸੀਂ ਉਹ ਖ਼ਿਆਲ ਬਿਲਕੁਲ ਵਿਸਾਰ ਹੀ ਚੁੱਕੇ ਹਾਂ। ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਸਾਰੇ ਘਿਰੇ ਹੋਏ ਹਾਂ ਅਜਿਹੀਆਂ ਸਥਿਤੀਆਂ ਨਾਲ ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ, ਅਜਿਹੇ ਰਵੱਈਏ ਨਾਲ ਜਿਨ੍ਹਾਂ ‘ਚ ਅਸੀਂ ਤਬਦੀਲੀ ਨਹੀਂ ਲਿਆ ਸਕਦੇ ਅਤੇ ਅਜਿਹੇ ਹਾਲਾਤ ਨਾਲ ਜਿਨ੍ਹਾਂ ਨੂੰ ਸਾਨੂੰ ਕਬੂਲ ਕਰਨਾ ਹੀ ਪੈਣੈ। ਪਰ ਤੁਹਾਡੇ ‘ਤੇ ਇਸ ਵਕਤ ਅਜਿਹੀ ਕਾਬਲੀਅਤ ਦੀ ਬਖ਼ਸ਼ਿਸ਼ ਹੋ ਰਹੀ ਹੈ ਜਿਸ ਨਾਲ ਤੁਸੀਂ ਲਗਭਗ ਹਰ ਕਿਸੇ ਨੂੰ ਕਿਸੇ ਵੀ ਚੀਜ਼ ਲਈ ਰਾਜ਼ੀ ਕਰ ਸਕਦੇ ਹੋ। ਬੱਸ ਉਸ ਦਾ ਇਸਤੇਮਾਲ ਥੋੜ੍ਹਾ ਸਲੀਕੇ ਨਾਲ ਕਰਿਓ।

ਇਸ ਤੋਂ ਪਹਿਲਾਂ ਕਿ ਤੁਸੀਂ ਹਥਲੇ ਵਿਚਾਰ ਨੂੰ ਪੜ੍ਹਨਾ ਸ਼ੁਰੂ ਕਰੋ, ਕੀ ਤੁਸੀਂ ਮੇਰੇ ਬੂਟ ਸਾਫ਼ ਕਰਨ ਦੀ ਮੇਰੇ ‘ਤੇ ਕਿਰਪਾਲਤਾ ਕਰੋਗੇ? ਹਾਂ ਨਾਲੇ, ਸਿੰਕ ‘ਚ ਮੈਂ ਧੋਣ ਲਈ ਕੁਝ ਭਾਂਡੇ ਵੀ ਛੱਡ ਆਇਆਂ। ਮੇਰੀ ਖ਼ਾਤਿਰ ਉਨ੍ਹਾਂ ਬਰਤਨਾਂ ਨਾਲ ਨਜਿੱਠਣ ‘ਚ ਤਾਂ ਤੁਹਾਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਲੱਗੀ ਨਾ? ਉਹ ਜੀ, ਮੈਂ ਤਾਂ ਤੁਹਾਡੇ ਨਾਲ ਮਖੌਲ ਕਰ ਰਿਹਾ ਸਾਂ, ਸੱਚਮੁੱਚ। ਪਰ ਮੈਨੂੰ ਡਰ ਹੈ ਕਿ ਤੁਹਾਡੇ ਸੰਸਾਰ ਵਿਚਲੇ ਕਿਸੇ ਹੋਰ ਵਿਅਕਤੀ ਨੂੰ ਤੁਹਾਡਾ ਇੰਝ ਹੀ ਨਾਜਾਇਜ਼ ਫ਼ਾਇਦਾ ਉਠਾਉਣ ਦੀ ਬਹੁਤ ਜ਼ਿਆਦਾ ਆਦਤ ਜਿਹੀ ਪੈ ਚੁੱਕੀ ਹੈ। ਤੁਹਾਨੂੰ ਹਮੇਸ਼ਾ ਦੂਸਰਿਆਂ ਲਈ ਮਦਦਗਾਰ ਬਣਨ ਦੇ ਆਪਣੇ ਕੁਦਰਤੀ ਸੁਭਾਅ ਅਤੇ ਖ਼ੁਦ ਨੂੰ ਮਹਿਫ਼ੂਜ਼ ਰੱਖਣ ਦੇ ਆਪਣੇ ਇਲਾਹੀ ਹੱਕ ਦਰਮਿਆਨ ਤਵਾਜ਼ਨ ਬਣਾ ਕੇ ਰੱਖਣਾ ਪੈਣੈ। ਜੇਕਰ ਤੁਸੀਂ ਸਿਰਫ਼ ਉਹੀ ਕਰੋ ਜੋ ਕਰਨ ਲਈ ਤੁਸੀਂ ਪ੍ਰੇਰਿਤ ਮਹਿਸੂਸ ਕਰਦੇ ਹੋ ਨਾ ਕਿ ਉਹ ਜੋ ਕਰਨ ਲਈ ਤੁਸੀਂ ਆਪਣੇ ਆਪ ਨੂੰ ਮਜਬੂਰ ਸਮਝਦੇ ਹੋ ਤਾਂ ਬਾਕੀ ਸਭ ਕੁਝ ਖ਼ੁਦ-ਬ-ਖ਼ੁਦ ਠੀਕ ਹੋ ਨਿਬੜੇਗਾ।

ਜੇਕਰ ਤੁਸੀਂ ਪਿਆਰ ਹਾਸਿਲ ਕਰਨਾ ਚਾਹੁੰਦੇ ਹੋ, ਤੁਹਾਨੂੰ ਪਿਆਰ ਦੇਣਾ ਵੀ ਪੈਣਾ। ਜਿੰਨਾ ਜ਼ਿਆਦਾ ਤੁਸੀਂ ਇਹ ਦਿੰਦੇ ਹੋ, ਉਸ ਤੋਂ ਵੱਧ ਤੁਹਾਨੂੰ ਵਾਪਿਸ ਪ੍ਰਾਪਤ ਹੁੰਦੈ। ਕੀ ਇਸ ਦਾ ਮਤਲਬ ਹੋਇਆ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨੂੰ ਵੀ ਪਿਆਰ ਕਰਨ ਦੀ ਇਜਾਜ਼ਤ ਦੇਣਾ ਜਿਨ੍ਹਾਂ ਨੂੰ ਪਿਆਰ ਕਰਨਾ ਬਿਲਕੁਲ ਵੀ ਸੌਖਾ ਨਹੀਂ ਹੁੰਦਾ? ਸ਼ਾਇਦ ਹਾਂ। ਆਪਣੇ ਦਿਲ ‘ਤੇ ਜਿੰਨੀਆਂ ਪਾਬੰਦੀਆਂ ਅਸੀਂ ਲਗਾਉਂਦੇ ਹਾਂ, ਚੁੰਬਕੀ ਜਾਦੂ ਫ਼ੈਲਾਉਣ ਦੀ ਉਸ ਦੀ ਕਾਬਲੀਅਤ ਨੂੰ ਅਸੀਂ ਓਨਾ ਹੀ ਘਟਾਉਂਦੇ ਹਾਂ। ਤੁਸੀਂ ਇਸ ਵਕਤ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਜਿਹੜੀ, ਅਤੇ ਇਹ ਸਮਝ ‘ਚ ਵੀ ਆਉਂਦਾ ਹੈ ਕਿ ਕਿਉਂ, ਤੁਹਾਨੂੰ ਨਾਖ਼ੁਸ਼ ਕਰ ਰਹੀ ਹੈ, ਅਤੇ ਇੱਥੋਂ ਤਕ ਕਿ ਤੁਹਾਨੂੰ ਗੁੱਸਾ ਵੀ ਚੜ੍ਹਾ ਰਹੀ ਹੈ। ਪਰ, ਇਸ ਤੋਂ ਉੱਪਰ ਉੱਠ ਕੇ, ਤੁਸੀਂ ਨਾ ਕੇਵਲ ਬਿਹਤਰ ਮਹਿਸੂਸ ਕਰੋਗੇ; ਤੁਸੀਂ ਆਪਣੇ ਜੀਵਨ ‘ਚ ਪ੍ਰਭਾਵਸ਼ਾਲੀ ਰੂਪ ਨਾਲ ਵਧੇਰੇ ਪ੍ਰੇਮ ਨੂੰ ਵੀ ਸੱਦਾ ਦੇ ਪਾਓਗੇ।

ਕੀ ਕੁਝ ਸ਼ਾਨਦਾਰ ਵਾਪਰ ਸਕਦੈ? ਜਾਦੂ ਨੂੰ ਫ਼ੈਲਣ ਤੋਂ ਕੌਣ ਰੋਕ ਰਿਹੈ? ਕੀ ਕੁਝ ਅਜਿਹਾ ਹੈ ਜੋ ਕਰ ਕੇ ਤੁਸੀਂ ਤਬਦੀਲੀ ਲਿਆ ਸਕੋ? ਤੁਹਾਨੂੰ ਸ਼ੱਕ ਹੈ ਕਿ ਜੇ ਤੁਸੀਂ ਸਹੀ ਗੱਲ ਕਹਿ ਜਾਂ ਕਰ ਦਿੱਤੀ ਤਾਂ ਬਹੁਤ ਹੀ ਵਧੀਆ ਨਤੀਜਾ ਹਾਸਿਲ ਹੋ ਸਕਦੈ। ਪਰ ਉਹ ਸਹੀ ਚੀਜ਼ ਆਖ਼ਿਰ ਹੋਵੇਗੀ ਕੀ। ਖ਼ੈਰ, ਆਮ ਤੌਰ ‘ਤੇ, ਸਹੀ ਸ਼ੈਅ ਓਦੋਂ ਵਾਪਰਦੀ ਹੈ ਜਦੋਂ ਅਸੀਂ ਕੁਝ ਗ਼ਲਤ ਕਰ ਬੈਠਣ ਦੀ ਚਿੰਤਾ ਤਿਆਗ ਦਿੰਦੇ ਹਾਂ! ਤੁਸੀਂ ਇਸ ਵਕਤ ਇੱਕ ਸਾਕਾਰਾਤਮਕ ਪ੍ਰਕਿਰਿਆ ਚਲਾਉਣ ਲਈ ਬਹੁਤ ਹੀ ਵਧੀਆ ਸਥਿਤੀ ‘ਚ ਹੋ। ਉਸ ਲਈ ਛੋਟਾ ਜਿਹਾ ਖ਼ਤਰਾ ਉਠਾਉਣਾ ਕੋਈ ਬਹੁਤ ਵੱਡੀ ਕੀਮਤ ਨਹੀਂ।