ਜੋਧਪੁਰ- ਰਾਜਸਥਾਨ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 2 ਨਾਬਾਲਗ ਮੁੰਡਿਆਂ ਵਲੋਂ 12 ਸਾਲਾ ਇਕ ਕੁੜੀ ਨਾਲ ਸਕੂਲ ’ਚ ਜਬਰ ਜ਼ਿਨਾਹ ਕੀਤਾ ਗਿਆ। ਜਿਸ ਤੋਂ ਬਾਅਦ ਪੀੜਤਾ ਨੇ ਜੋਧਪੁਰ ਦੇ ਇਕ ਹਸਪਤਾਲ ’ਚ ਬੱਚੇ ਨੂੰ ਜਨਮ ਦਿੱਤਾ ਹੈ। ਰਾਜਸਥਾਨ ਦੇ ਬਾਲ ਕਲਿਆਣ ਕਮੇਟੀ (ਸੀ.ਡਬਲਿਊ.ਸੀ.) ਦੇ ਮੁਖੀ ਧਨਪਤ ਗੁੱਜਰ ਨੇ ਕਿਹਾ ਕਿ ਐਤਵਾਰ ਰਾਤ ਕੁੜੀ ਦੇ ਮਾਤਾ-ਪਿਤਾ ਨੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਨੇ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਕੁੜੀ ਅਤੇ ਉਸ ਦਾ ਬੱਚਾ ਦੋਵੇਂ ਠੀਕ ਹਨ। ਧਨਪਤ ਨੇ ਦੱਸਿਆ ਕਿ ਕੁੜੀ ਦੇ ਮਾਤਾ-ਪਿਤਾ ਉਸ ਦੇ ਢਿੱਡ ’ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਪਿੰਡ ਕੋਲ ਸਥਿਤ ਇਕ ਹਸਪਤਾਲ ਲੈ ਗਏ ਸਨ। ਹਸਪਤਾਲ ’ਚ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁੜੀ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਡਾਕਟਰ ਉੱਥੇ ਉਸ ਦਾ ਗਰਭਪਾਤ ਕਰ ਦੇਣ ਪਰ ਸਥਾਨਕ ਹਸਪਤਾਲ ਨੇ ਮਾਮਲੇ ਨੂੰ ਬਹੁਤ ਜਟਿਲ ਦੱਸਿਆ ਅਤੇ ਜੋਧਪੁਰ ਹਸਪਤਾਲ ਰੈਫ਼ਰ ਕਰ ਦਿੱਤਾ ਤੇ ਪੁਲਸ ਨੂੰ ਵੀ ਸੂਚਿਤ ਕੀਤਾ।
ਸੀ.ਡਬਲਿਊ.ਸੀ. ਦੇ ਮੁਖੀ ਨੇ ਕਿਹਾ ਕਿ ਜੋਧਪੁਰ ਹਸਪਤਾਲ ’ਚ ਕੁੜੀ ਨੇ ਪੁਲਸ ਅਤੇ ਡਾਕਟਰਾਂ ਨੂੰ ਦੱਸਿਆ ਕਿ ਸਕੂਲ ’ਚ 2 ਮੁੰਡਿਆਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਸੀ। ਪੁਲਸ ਮਾਮਲੇ ’ਤੇ ਚੁੱਪੀ ਬਣਾਏ ਹੋਏ ਹੈ ਪਰ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਕੁੜੀ ਨੇ ਜਿਨ੍ਹਾਂ 2 ਮੁੰਡਿਆਂ ਦਾ ਨਾਮ ਲਿਆ ਹੈ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀ.ਡਬਲਿਊ.ਸੀ. ਦੇ ਮੈਂਬਰਾਂ ਨੇ ਸੋਮਵਾਰ ਨੂੰ ਕੁੜੀ ਅਤੇ ਉਸ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ’ਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਰਾਜਸਥਾਨ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵੀ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਉਸ ਦੀ ਪ੍ਰਧਾਨ ਸੰਗੀਤਾ ਬੇਨੀਵਾਲ ਵੀ ਕੁੜੀ ਅਤੇ ਉਸ ਦੇ ਮਾਤਾ-ਪਿਤਾ ਨੂੰ ਮਿਲਣ ਲਈ ਹਸਪਤਾਲ ਜਾਵੇਗੀ।