ਅੰਮ੍ਰਿਤਸਰ – ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਵਿਭਾਗ ਵਲੋਂ ਜਿੱਥੇ ਅਧਿਕਾਰੀਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਗਏ ਹਨ, ਉਥੇ ਹੀ ਨਿੱਤ ਹੋਣ ਵਾਲੀ ਟੈਸਟਿੰਗ 4000 ਤੋਂ ਵਧਾ ਕੇ 5000 ਕਰ ਦਿੱਤੀ ਹੈ। ਇਸ ਦੇ ਇਲਾਵਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਉਣ ਵਾਲੇ ਘੱਟ ਤੋਂ ਘੱਟ 30 ਲੋਕਾਂ ਦੀ ਕਾਂਟੈਕਟ ਟ੍ਰੇਸਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੀ ਤੀਜ਼ੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ ਪ੍ਰਬੰਧ ਕਰ ਲਏ ਗਏ ਹਨ। ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਕਾਂਟੇਕਟ ਟ੍ਰੇਸਿੰਗ ਵਧਾਈ ਜਾ ਰਹੀ ਹੈ।
ਇਸ ਦੌਾਰਨ ਜਿਨ੍ਹਾਂ ਲੋਕਾਂ ਦੇ ਮੌਜੂਦਾ ਸਮੇਂ ’ਚ ਟੈਸਟ ਨੈਗੇਟਿਵ ਆ ਰਹੇ ਹਨ, ਉਨ੍ਹਾਂ ਦੀ ਵੀ ਵੈਕਸੀਨ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਜਿਹੜੇ ਸਕੂਲੀ ਵਿਦਿਆਰਥੀ ਟੈਸਟ ਕਰਵਾ ਰਹੇ ਹਨ। ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਸਕੂਲਾਂ ’ਚ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਅਜੇ ਤੱਕ 850000 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਕਵਚ ਪਾ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅਤੇ ਬਲਾਕ ਪੱਧਰ ’ਤੇ ਸਿਹਤ ਵਿਭਾਗ ਦੇ ਹਸਪਤਾਲਾਂ ’ਚ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਸੀਨੀਅਰ ਮੈਡੀਕਲ ਅਧਿਕਾਰੀ, ਪ੍ਰੋਗਰਾਮ ਅਧਿਕਾਰੀ ਦੇ ਇਲਾਵਾ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਗਏ ਹਨ।
4,275 ਟੈਸਟਾਂ ’ਚੋਂ 2 ਮਰੀਜ਼ ਆਏ ਪਾਜ਼ੇਟਿਵ
ਸੋਮਵਾਰ ਨੂੰ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਵੇਖਣ ਨੂੰ ਮਿਲੀ ਹੈ। ਬੀਤੇ 24 ਘੰਟਿਆਂ ’ਚ ਕੀਤੇ ਗਏ 4275 ਟੈਸਟਾਂ ’ਚੋਂ 2 ਮਰੀਜ਼ ਪਾਜ਼ੇਟਿਵ ਆਏ ਹਨ, ਇਹ ਮਰੀਜ਼ ਕਮਿਊਨਿਟੀ ਤੋਂ ਆਏ ਹਨ। ਸਿਹਤ ਵਿਭਾਗ ਅਨੁਸਾਰ ਅੱਜ 19 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਹੈ। ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 38 ਹੈ, ਜਦੋਂ ਕਿ ਦੁਖ ਦੀ ਗੱਲ ਹੈ ਕਿ ਹੁਣ ਤੱਕ 1589 ਮਰੀਜ਼ਾਂ ਦੀ ਕੋਰੋਨਾ ਨੇ ਜਾਨ ਲੈ ਲਈ ਹੈ। ਕੋਰੋਨਾ ਦੇ ਅਜੇ ਤੱਕ ਜ਼ਿਲ੍ਹੇ ’ਚ 455199 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 45572 ਮਰੀਜ਼ ਠੀਕ ਹੋ ਚੁੱਕੇ ਹਨ ।
ਸੋਮਵਾਰ ਨੂੰ 3208 ਲੋਕਾਂ ਨੂੰ ਲੱਗਾ ਟੀਕਾ, 30 ਹਜ਼ਾਰ ਡੋਜ਼ ਹੋਰ ਪੁੱਜੀ
ਕੋਰੋਨਾ ਮਹਾਮਾਰੀ ’ਚ ਇਕਦਮ ਲੋਕਾਂ ਵਲੋਂ ਟੀਕਾਕਰਨ ਲਗਵਾਉਣ ਦੇ ਮਾਮਲੇ ’ਚ ਉਛਾਲ ਆ ਰਿਹਾ ਹੈ। ਜ਼ਿਲ੍ਹੇ ’ਚ ਹੁਣ ਤੱਕ 850000 ਲੋਕਾਂ ਨੇ ਟੀਕਾਕਰਨ ਕਰਵਾ ਲਿਆ ਹੈ। ਸੋਮਵਾਰ ਨੂੰ 3208 ਲੋਕਾਂ ਨੂੰ ਟੀਕਾ ਲੱਗਿਆ ਹੈ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਦੇਰ ਸ਼ਾਮ 30,000 ਡੋਜ ਹੋਰ ਜ਼ਿਲ੍ਹੇ ’ਚ ਪਹੁੰਚ ਗਈ ਹੈ। 2 ਦਿਨਾਂ ’ਚ ਇਹ ਡੋਜ ਲੋਕਾਂ ਨੂੰ ਲਾਈ ਜਾਵੇਗੀ।