ਫਰਿਜ਼ਨੋ (ਕੈਲੀਫੋਰਨੀਆ) – ਅਮਰੀਕਾ ਦੇ ਕਈ ਖੇਤਰਾਂ ‘ਚ ਭਾਰੀ ਬਾਰਿਸ਼ ਤੇ ਤੁਫਾਨਾਂ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਅਮਰੀਕਾ ‘ਚ ਕਈ ਜਾਨਾਂ ਵੀ ਗਈਆਂ ਹਨ। ਇਸਦੇ ਇਲਾਵਾ ਅਮਰੀਕਾ ਦੇ ਦੱਖਣੀ ਅਰੀਜ਼ੋਨਾ ‘ਚ ਖਰਾਬ ਮੌਸਮ ਕਾਰਨ ਟਰੰਪ ਪ੍ਰਸ਼ਾਸਨ ਦੁਆਰਾ ਬਣਾਈ ਗਈ ਸਰਹੱਦੀ ਕੰਧ ਦੇ ਕੁੱਝ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਯੂ. ਐੱਸ. ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ ਹੜ੍ਹ ਕਾਰਨ ਨੁਕਸਾਨੀ ਗਈ ਹੈ।
ਇਸ ‘ਚ ਲਗਾਏ ਚੌੜੇ ਧਾਤ ਦੇ ਗੇਟ ਪਾਣੀ ਦੇ ਵਹਾਅ ਕਾਰਨ ਆਪਣੀ ਜਗ੍ਹਾ ਤੋਂ ਟੁੱਟ ਗਏ ਹਨ। ਰਿਪੋਰਟਾਂ ਅਨੁਸਾਰ ਅਰਬਾਂ ਡਾਲਰ ਦੀ ਲਾਗਤ ਨਾਲ ਬਣੀ ਸਰਹੱਦ ਦੀ ਕੰਧ ਨੂੰ ਭਾਰੀ ਨੁਕਸਾਨ ਸੈਨ ਬਰਨਾਰਡੀਨੋ ਰੈਂਚ ਵਿਖੇ ਹੋਇਆ ਹੈ, ਜੋ ਕਿ ਡਗਲਸ ਅਰੀਜ਼ੋਨਾ ਤੇ ਸੈਨ ਬਰਨਾਰਡੀਨੋ ਵਾਈਲਡ ਲਾਈਫ ਰਫਿਜੂਜੀ ਦੇ ਵਿਚਕਾਰ ਸਥਿਤ ਹੈ। ਜ਼ਿਕਰਯੋਗ ਹੈ ਕਿ ਮੈਕਸੀਕੋ ਸਰਹੱਦ ਦੇ ਨਾਲ ਇਸ ਕੰਧ ਦੀ ਉਸਾਰੀ ਟਰੰਪ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕੀਤੀ ਗਈ ਸੀ।