ਇਹ ਸੰਸਾਰ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਫ਼ਰਤ? ਕੀ ਇਹ ਤੁਹਾਡੇ ਲਈ ਕੇਵਲ ਸਭ ਤੋਂ ਬਿਹਤਰ ਚੀਜ਼ਾਂ ਹੀ ਚਾਹੁੰਦਾ ਹੈ? ਜਾਂ ਫ਼ਿਰ ਇਹ ਖ਼ੁਫ਼ੀਆ ਢੰਗ ਨਾਲ ਤੁਹਾਨੂੰ ਕਿਸੇ ਅਜਿਹੇ ਜੁਰਮ ਦੀ ਸਜ਼ਾ ਦੇ ਰਿਹੈ ਜਿਹੜਾ ਤੁਹਾਨੂੰ ਚੇਤੇ ਵੀ ਨਹੀਂ ਤੁਸੀਂ ਕਦੇ ਕੀਤਾ ਹੋਵੇ? ਕਈ ਵਾਰ, ਅਸੀਂ ਖ਼ੁਦ ਨੂੰ ਇਸ ਗੱਲ ਦਾ ਪੱਕਾ ਯਕੀਨ ਦਿਵਾ ਲੈਂਦੇ ਹਾਂ ਕਿ ਦੁਨੀਆਂ ਸਾਡੇ ਵਿਰੁੱਧ ਹੈ। ਜਾਂ, ਇਸ ਤੋਂ ਵੀ ਬਦਤਰ, ਕਿ ਅਤੀਤ ‘ਚ ਕੀਤੀਆਂ ਗ਼ਲਤ ਚੋਣਾਂ ਕਾਰਨ ਅਸੀਂ ਇਸੇ ਦੇ ਹੱਕਦਾਰ ਸਾਂ। ਸੋ ਆਓ ਥੋੜ੍ਹੀ ਜਿਹੀ ਸਪੱਸ਼ਟ ਗੱਲ ਕਰੀਏ। ਇੰਨਾ ਪੱਕੈ ਕਿ ਇਹ ਬ੍ਰਹਿਮੰਡ ਤੁਹਾਡੇ ਵੱਲ ਹੈ। ਉਹ ਤੁਹਾਡਾ ਦੋਸਤ ਹੈ। ਉਹ ਤੁਹਾਡੀ ਮਦਦ ਕਰਨਾ ਚਾਹੁੰਦੈ, ਅਤੇ ਜੇ ਤੁਸੀਂ ਉਸ ਨੂੰ ਮੌਕਾ ਦਿਓ, ਤੁਹਾਨੂੰ ਬਹੁਤ ਸਾਰੀ ਸਹਾਇਤਾ ਅਤੇ ਹਮਾਇਤ ਪ੍ਰਾਪਤ ਹੋਵੇਗੀ।
ਤੁਹਾਨੂੰ ਕਿਸੇ ਸ਼ੈਅ ਜਾਂ ਵਿਅਕਤੀ ਬਾਰੇ ਇੰਨਾ ਜ਼ਿਆਦਾ ਜ਼ਿੰਮੇਵਾਰ ਹੋਣ ਦੀ ਕੋਈ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਸਕਦੇ ਹੋ ਤਾਂ ਕਿ ਉਹ ਆਪਣੇ ਖ਼ੁਦ ਦੇ ਫ਼ੈਸਲੇ ਲੈਣ ਅਤੇ ਇੱਥੋਂ ਤਕ ਕਿ ਆਪਣੀ ਖ਼ੁਦ ਦੀਆਂ ਗ਼ਲਤੀਆਂ ਵੀ ਕਰਨ। ਉਹ ਕੁੱਝ ਸਿੱਖਣਗੇ ਕਿਵੇਂ ਜੇਕਰ ਉਨ੍ਹਾਂ ਨੂੰ ਆਪਣੇ ਵਲੋਂ ਕੀਤੀਆਂ ਕਾਰਵਾਈਆਂ ਅਤੇ ਆਪਣੀਆਂ ਚੋਣਾਂ ਦੇ ਨਤੀਜਿਆਂ ਬਾਰੇ ਹੀ ਜਾਣਨ ਦਾ ਮੌਕਾ ਨਾ ਮਿਲਿਆ? ਤੁਸੀਂ ਕਦੇ ਵੀ ਚੀਜ਼ਾਂ ਜਾਂ ਵਿਅਕਤੀਆਂ ਨੂੰ ਛੱਡਣ ਦੀ ਕਲਾ ਕਿਵੇਂ ਸਿੱਖ ਸਕੋਗੇ ਜੇਕਰ ਤੁਸੀਂ ਉਨ੍ਹਾਂ ਨੂੰ ਘੁੱਟ ਕੇ ਫ਼ੜੀ ਬੈਠੇ ਰਹੇ? ਛੋਟਾਂ ਅਤੇ ਰਿਆਇਤਾਂ ਦੀ ਇੱਕ ਵੱਡੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ। ਉਸ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਡਾ ਧਿਆਨ ਵੰਡਾ ਸਕੇ, ਜਾਂ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰਾਵੇ। ਉਹ ਤੁਹਾਡੇ ਲਈ ਅਜਿਹੀ ਆਜ਼ਾਦੀ ਲੈ ਕੇ ਆ ਰਹੀ ਹੈ ਜਿਹੜੀ ਤੁਸੀਂ ਕਾਫ਼ੀ ਲੰਬੇ ਅਰਸੇ ਤੋਂ ਹਾਸਿਲ ਕਰਨਾ ਚਾਹੁੰਦੇ ਸੀ ਅਤੇ ਹੱਕਦਾਰ ਵੀ ਸੀ।

ਤੁਹਾਡੀ ਦਾਦ ਦੇਣੀ ਬਣਦੀ ਹੈ। ਤੁਹਾਡੀ ਪ੍ਰਸ਼ੰਸਾ ਕੀਤੀ ਅਤੇ ਤੁਹਾਨੂੰ ਮੁਬਾਰਕਬਾਦ ਦਿੱਤੀ ਜਾਣੀ ਚਾਹੀਦੀ ਹੈ। ਤੁਹਾਨੂੰ ਮਾਨਤਾ, ਸਤਿਕਾਰ ਅਤੇ ਸਨਮਾਨ ਮਿਲਣੇ ਚਾਹੀਦੇ ਹਨ। ਤੁਸੀਂ ਹਾਲ ਹੀ ਵਿੱਚ ਕੁੱਝ ਬਹੁਤ ਹੀ ਕਮਾਲ ਦੀਆਂ ਚੀਜ਼ਾਂ ਕੀਤੀਆਂ ਹਨ। ਕਈ ਬਹੁਤ ਹੀ ਸਖ਼ਤ ਚੁਣੌਤੀਆਂ ਦਾ ਮੁਕਾਬਲਾ ਅਤੇ ਕੁੱਝ ਬਹੁਤ ਹੀ ਸੂਝਵਾਨ ਫ਼ੈਸਲੇ। ਪਰ ਫ਼ਿਰ ਵੀ ਪਤਾ ਨਹੀਂ ਕਿਉਂ ਤੁਸੀਂ ਖ਼ੁਦ ‘ਤੇ ਸ਼ੱਕ ਕਰਦੇ ਹੋ। ਤੁਸੀਂ ਸੋਚਦੇ ਹੋ ਕਿ, ਸ਼ਾਇਦ, ਤੁਹਾਨੂੰ ਇਸ ਤੋਂ ਬਿਹਤਰ ਕਰਨਾ ਚਾਹੀਦਾ ਸੀ। ਆਪਣਾ ਕੀਮਤੀ ਸਮਾਂ ਅਤੇ ਆਪਣੀ ਸ਼ਕਤੀ ਹੁਣ ਅਜਿਹੀਆਂ ਸੋਚਾਂ ‘ਚ ਨਾ ਗੁਆਓ। ਵਕਤ ਇੱਕ ਅਜਿਹੀ ਬਿਹਤਰੀ ਲਿਆ ਰਿਹੈ ਜਿਹੜੀ ਤੁਹਾਨੂੰ ਲੋੜੀਂਦੀ ਦਿਲਾਸਾ ਅਤੇ ਪ੍ਰੇਰਨਾ ਮੁਹੱਈਆ ਕਰਾਏਗੀ।
ਸ਼ਾਂਤ ਹੋ ਜਾਓ। ਸਥਿਰ ਹੋ ਜਾਓ। ਟਿਕ ਕੇ ਬੈਠ ਜਾਓ। ਤੁਹਾਨੂੰ ਭਾਵੇਂ ਜਿਹੜੀ ਮਰਜ਼ੀ ਸ਼ੈਅ ਪਰੇਸ਼ਾਨ ਕਰ ਰਹੀ ਹੋਵੇ, ਉਸ ਨੂੰ ਨਜ਼ਰਅੰਦਾਜ਼ ਕਰੋ। ਅਤੇ ਜਿੱਥੋਂ ਤਕ ਉਸ ਚੀਜ਼ ਦੀ ਗੱਲ ਹੈ ਜਿਹੜੀ ਤੁਹਾਨੂੰ ਉਤੇਜਿਤ ਕਰ ਰਹੀ ਹੈ, ਕੋਸ਼ਿਸ਼ ਕਰੋ ਉਸ ਵੱਲ ਵੀ ਬਹੁਤਾ ਧਿਆਨ ਨਾ ਦੇਣ ਦੀ। ਇਸ ਵਕਤ ਤੁਹਾਨੂੰ ਸਭ ਤੋਂ ਵੱਧ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਕੁਛ ਫ਼ਾਸਲਾ ਅਤੇ ਉਦਾਸੀਨਤਾ … ਤਾਂ ਕਿ ਤੁਸੀਂ ਇੱਕ ਦ੍ਰਿਸ਼ਟੀਕੋਣ ਸਿਰਜ ਸਕੋ। ਤੁਹਾਨੂੰ ਉਸ ਸਭ ਨੂੰ ਅਣਗੌਲਿਆਂ ਕਰਨਾ ਪੈਣੈ ਜੋ ਤੁਹਾਡੇ ਅੰਦਰ ਪ੍ਰਬਲ ਪ੍ਰਤੀਕਿਰਿਆ ਭੜਕਾਉਂਦੈ ਅਤੇ ਕੇਵਲ ਆਪਣੀ ਅੰਦਰੂਨੀ ਸੂਝ ਤੋਂ ਹੀ ਦਿਸ਼ਾਨਿਰਦੇਸ਼ ਲੈਣਾ ਪੈਣੈ। ਕਈ ਮੁਸ਼ਕਿਲ ਚੋਣਾਂ ਅਤੇ ਵਿਕਲਪਾਂ ਨੂੰ ਵਿਚਾਰਨ ਮਗਰੋਂ, ਤੁਸੀਂ ਇੱਕ ਸਪੱਸ਼ਟ ਅਤੇ ਸਹੀ ਨਤੀਜੇ ‘ਤੇ ਅੱਪੜ ਜਾਓਗੇ। ਅਤੇ ਉਸ ਤੋਂ ਬਾਅਦ ਸਭ ਕੁੱਝ ਬਿਹਤਰ ਹੁੰਦਾ ਜਾਵੇਗਾ!

ਸਿਧਾਂਤਕ ਪੱਖੋਂ, ਜਦੋਂ ਡੂੰਘੇ ਅਤੇ ਭਾਵਨਾਤਮਕ ਮਾਮਲਿਆਂ ਦੀ ਗੱਲ ਆਉਂਦੀ ਹੈ, ਅਸੀਂ ਕੇਵਲ ਇੰਨਾ ਹੀ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਖੜ੍ਹੇ ਕਿੱਥੇ ਹਾਂ। ਅਸੀਂ ਸੁਰੱਖਿਅਤ, ਸ਼ੰਕਾ ਮੁਕਤ ਅਤੇ ਅਨਿਸ਼ਚਿਤਤਾ ਰਹਿਤ ਮਹਿਸੂਸ ਕਰਨਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਆਪਣੀ ਮੌਜੂਦਾ ਸਥਿਤੀ ਤੋਂ ਨਾਖ਼ੁਸ਼ ਹੋਈਏ ਤਾਂ ਅਜਿਹਾ ਬਿਲਕੁਲ ਨਹੀਂ ਹੁੰਦਾ। ਉਸ ਵਕਤ ਅਸੀਂ ਤਬਦੀਲੀ ਲਈ ਤਰਸਨ ਲੱਗਦੇ ਹਾਂ, ਫ਼ਿਰ ਭਾਵੇਂ ਉਹ ਕਿੰਨੀ ਵੀ ਤਰਥੱਲੀ ਕਿਉਂ ਨਾ ਮਚਾਏ। ਹੁਣ ਸਥਿਰਤਾ ਦਾ ਪੜਾਅ ਸ਼ੁਰੂ ਹੋ ਚੁੱਕੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਚੀਜ਼ਾਂ ਕਿਸੇ ਅਜਿਹੇ ਰੂਪ ‘ਚ ਢੱਲ ਜਾਣ ਜਿਸ ਦਾ ਮੁਹਾਂਦਰਾ ਤੁਹਾਡੀ ਚਲੰਤ ਸਥਿਤੀ ਨਾਲ ਮੇਲ ਖਾਂਦਾ ਹੋਵੇ ਤਾਂ ਚੰਗਾ ਇਹੀ ਹੈ ਕਿ ਕੁੱਝ ਵੱਖਰਾ ਕਰਨ ਲਈ ਤੁਸੀਂ ਕਦਮ ਚੁੱਕੋ, ਅਤੇ ਉਹ ਵੀ ਤੇਜ਼ੀ ਨਾਲ।