ਕੌਣ ਸਿਖਾਵੇ ਪਿਆਰ ਨੂੰ ਜ਼ਾਬਤੇ ਦਾ ਕਾਨੂੰਨ? ਪਿਆਰ ਤਾਂ ਆਪਣੇ ਆਪ ‘ਚ ਇੱਕ ਇਲਾਹੀ ਫ਼ੁਰਮਾਨ ਐ। ਛੇਵੀਂ ਸਦੀ ਦੇ ਰੋਮਨ ਫ਼ਿਲੌਸਫ਼ਰ ਬੋਏਥੀਅਸ ਨੇ ਅੱਜ ਤੋਂ ਤਕਰੀਬਨ 1,500 ਸਾਲ ਪਹਿਲਾਂ ਸੰਸਾਰ ਸਾਹਮਣੇ ਆਪਣਾ ਇਹ ਕਥਨ ਰੱਖਿਆ ਸੀ। ਅੱਜ, ਅਸੀਂ ਪਿਆਰ ਪ੍ਰਮੁੱਖ ਤੌਰ ‘ਤੇ ਉਸ ਅਹਿਸਾਸ ਨੂੰ ਸਮਝਦੇ ਹਾਂ ਜਿਹੜਾ ਸਾਡੇ ਮਨਾਂ ‘ਚ ਸਾਡੇ ਸਾਥੀਆਂ, ਪਰਿਵਾਰ ਵਾਲਿਆਂ ਅਤੇ ਉਨ੍ਹਾਂ ਲੋਕਾਂ ਲਈ ਹੁੰਦੈ ਜਿਨ੍ਹਾਂ ਨੇ ਸਾਡੇ ਦਿਲ ਜਿੱਤ ਲਏ ਹੁੰਦੇ ਹਨ। ਇਹ ਸੱਚ ਹੈ ਕਿ ਇਸ ਦੁਨੀਆਂ ਦਾ ਕੋਈ ਵੀ ਕਾਨੂੰਨ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਅਸੀਂ ਕਿਵੇਂ, ਕਦੋਂ ਜਾਂ ਕਿਸ ਨੂੰ ਚਾਹੀਏ। ਫ਼ਿਰ ਵੀ ਤੁਹਾਡੀਆਂ ਭਾਵਨਾਵਾਂ ਨੂੰ ਉਚਿਤਤਾ ਅਤੇ ਸਮਝਦਾਰੀ ਦੇ ਕਾਇਦੇ-ਕਾਨੂੰਨ ਨਾਲ ਸੋਧਣ ਦੀ ਲੋੜ ਹੈ। ਇਨ੍ਹਾਂ ਦਾ ਪਾਲਣ ਕਰਨ ਦੀ ਤੁਹਾਡੀ ਕਾਬਲੀਅਤ ਕਮਜ਼ੋਰ ਪੈ ਗਈ ਹੋ ਸਕਦੀ ਹੈ, ਪਰ ਫ਼ਿਰ ਵੀ ਤੁਹਾਡੇ ਲਈ ਆਪਣੀ ਪੂਰੀ ਵਾਹ ਲਗਾਉਣਾ ਹਾਲੇ ਵੀ ਲੋੜੀਂਦੈ।

ਸਾਨੂੰ ਸਾਰਿਆਂ ਨੂੰ ਆਪਣੇ ਭੇਤ ਰੱਖਣ ਦਾ ਹੱਕ ਹੈ। ਸਾਨੂੰ ਸਾਰੇ ਜਗ ਨੂੰ ਹਰ ਗੱਲ ਦੱਸਣ ਦੀ ਕੋਈ ਲੋੜ ਨਹੀਂ। ਨਾ ਹੀ ਦੂਸਰੇ ਲੋਕਾਂ ਨੂੰ ਸਾਡੇ ਸਾਹਮਣੇ ਆਪਣਾ ਝੱਗਾ ਚੁੱਕਣ ਦੀ ਕਿਸੇ ਕਿਸਮ ਦੀ ਕੋਈ ਮਜਬੂਰੀ ਹੈ ਜਾਂ ਜੋ ਉਨ੍ਹਾਂ ਨੂੰ ਪਤੈ ਉਹ ਸਭ ਕੁੱਝ ਸਾਨੂੰ ਦੱਸਣ ਦੀ ਬੰਦਿਸ਼। ਪਰ, ਫ਼ਿਰ ਵੀ, ਜਦੋਂ ਸਾਨੂੰ ਕਿਸੇ ਬਾਰੇ ਕੁੱਝ ਵੀ ਅਚਾਨਕ ਪਤਾ ਚੱਲਦੈ, ਅਸੀਂ ਹੈਰਾਨ ਹੋਏ ਬਿਨਾ ਨਹੀਂ ਰਹਿ ਸਕਦੇ। ਅਸੀਂ ਇਹ ਸੋਚ ਕੇ ਪਰੇਸ਼ਾਨ ਹੋਣਾ ਸ਼ੁਰੂ ਕਰ ਦਿੰਦੇ ਹਾਂ ਕਿ ਆਖ਼ਿਰ ਅਸੀਂ ਉਨ੍ਹਾਂ ‘ਤੇ ਕਿੰਨਾ ਕੁ ਵਿਸ਼ਵਾਸ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਕਿ ਜੋ ਵੀ ਗੱਲ ਤੁਹਾਨੂੰ ਪਤਾ ਲੱਗੀ ਹੈ ਉਸ ਨੂੰ ਆਪਣੀ ਹਿੰਮਤ ਤੋੜਨ ਦੀ ਆਗਿਆ ਨਾ ਦਿਓ। ਤੁਹਾਡੇ ਸਾਹਮਣੇ ਇੱਕ ਅਜਿਹੇ ਰਾਜ਼ ਤੋਂ ਪਰਦਾਫ਼ਾਸ਼ ਹੋਣ ਵਾਲੈ ਜਿਹੜਾ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਕਿ ਕਿਸੇ ਦੇ ਵੀ ਮਨ ‘ਚ ਤੁਹਾਡੇ ਖ਼ਿਲਾਫ਼ ਕੋਈ ਬੁਰਾ ਏਜੰਡਾ ਪਨਪ ਰਿਹੈ।

ਜਦੋਂ ਅਸੀਂ ਆਪਣੇ ਸੁਪਨਿਆਂ ਦੇ ਵਹਿਣ ‘ਚ ਬਹੁਤ ਦੂਰ ਤਕ ਵਹਿ ਜਾਂਦੇ ਹਾਂ, ਅਸੀਂ ਹਕੀਕਤ ਨੂੰ ਸਲਾਹੁਣ ਦੀ ਕਾਬਲੀਅਤ ਗੁਆ ਬੈਠਦੇ ਹਾਂ। ਜੋ ਸਾਡੇ ਕੋਲ ਹੁੰਦੈ ਅਸੀਂ ਉਸ ਦੀ ਤੁਲਨਾ ਉਸ ਨਾਲ ਕਰਨ ਲੱਗਦੇ ਹਾਂ ਜੋ ਸਾਡੀ ਇੱਛਾ ਹੁੰਦੀ ਹੈ ਕਿ ਕਾਸ਼ ਸਾਡੇ ਕੋਲ ਹੁੰਦਾ – ਜਾਂ ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਮਿਲਣਾ ਚਾਹੀਦਾ ਸੀ। ਫ਼ਿਰ ਅਸੀਂ ਬੇਚੈਨ ਅਤੇ ਅਸੰਤੁਸ਼ਟ ਮਹਿਸੂਸ ਕਰਦੇ ਹਾਂ। ਵੈਸੇ ਜੇਕਰ ਹੁਣ ਤੁਸੀਂ ਇੱਕ ਸੈਕਿੰਡ ਲਈ ਰੁਕ ਕੇ ਇਹ ਵਿਚਾਰੋ ਕਿ ਤੁਹਾਡੇ ਨਿੱਜੀ, ਭਾਵਨਾਤਮਕ ਸੰਸਾਰ ‘ਚ ਅਸਲ ਵਿੱਚ ਚੱਲ ਕੀ ਰਿਹੈ ਤਾਂ ਤੁਹਾਨੂੰ ਕਬੂਲ ਕਰਨਾ ਹੀ ਪਵੇਗਾ ਕਿ ਇਸ ਵਿੱਚ ਸੱਚਮੁੱਚ ਕੁਛ ਜਾਦੂਈ, ਸ਼ਾਨਦਾਰ ਤੱਤ ਵੀ ਮੌਜੂਦ ਹਨ। ਜੋ ਚੀਜ਼ਾ ਚੰਗੀਆਂ ਹਨ ਉਹ ਹੋਰ ਬਿਹਤਰ ਹੋਣ ਵਾਲੀਆਂ ਹਨ। ਅਤੇ ਰਹੀ ਉਨ੍ਹਾਂ ਦੀ ਗੱਲ ਜਿਹੜੀਆਂ ਬਹੁਤੀਆਂ ਚੰਗੀਆਂ ਨਹੀਂ? ਖ਼ੈਰ, ਉਹ ਸ਼ਾਇਦ ਓਨੀਆਂ ਭੈੜੀਆਂ ਨਹੀਂ ਜਿੰਨਾ ਤੁਹਾਡਾ ਡਰ।

ਘੜੀ ਲਗਾਤਾਰ ਟਿਕ-ਟਿਕ ਕਰ ਕੇ ਚੱਲਦੀ ਰਹਿੰਦੀ ਹੈ। ਸਮਾਂ ਸਾਡੇ ਸਭ ਲਈ ਗੁਜ਼ਰਦਾ ਰਹਿੰਦਾ ਹੈ। ਫ਼ਿਰ ਕੀ ਇਸ ਦਾ ਅਰਥ ਇਹ ਹੋਇਆ ਕਿ ਬੁੱਢੇ ਹੋਣ ਦੀ ਸਾਡੀ ਸਭ ਦੀ ਕੋਈ ਮਜਬੂਰੀ ਹੈ? ਦਰਅਸਲ, ਨਹੀਂ, ਸਾਡੇ ‘ਤੇ ਕੋਈ ਅਜਿਹੀ ਬੰਦਿਸ਼ ਨਹੀਂ! ਸਾਨੂੰ ਕੇਵਲ ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ‘ਚ ਕੀ ਰੱਖਿਐ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾ ਲੈਣਾ ਚਾਹੀਦੈ, ਅਤੇ ਫ਼ਿਰ ਅਸੀਂ ਆਪਣੇ ਹਰ ਪਲ ਦਾ ਆਨੰਦ ਇਸ ਸੁਰੱਖਿਆ ਦੇ ਅਹਿਸਾਸ ‘ਚ ਮਾਣ ਸਕਦੇ ਹਾਂ ਕਿ ਜਿੰਨਾ ਲੰਬਾ ਅਰਸਾ ਅਸੀਂ ਇਸ ਗ੍ਰਹਿ ‘ਤੇ ਜ਼ਿੰਦਾ ਰਹਾਂਗੇ, ਅਸੀਂ ਓਨਾ ਹੀ ਜ਼ਿਆਦਾ ਮਜ਼ਾ ਲਵਾਂਗੇ। ਕੀ ਇਹ ਸਭ ਕੁੱਝ ਵਾਕਈ ਇੰਨਾ ਸੌਖਾ ਹੈ? ਅੱਛਾ ਹੈਰਾਨੀ ਦੀ ਗੱਲ ਇਹ ਹੈ, ਇੱਕ ਅਜੀਬੋ-ਗ਼ਰੀਬ ਢੰਗ ਨਾਲ, ਇਹ ਸੱਚ ਹੈ! ਤੁਹਾਡੇ ਸਾਹਮਣੇ, ਇੱਕ ਔਖੀ ਪਰ ਇਕਲੌਤੀ ਚੋਣ ਮੌਜੂਦ ਹੈ: ਖ਼ੁਦ ਨੂੰ ਸ਼ੰਕੇ, ਡਰ ਅਤੇ ਵਿਵਾਦ ਹੇਠ ਦੱਬੇ ਜਾਣ ਦਿਓ ਜਾਂ ਸਭ ਕੁੱਝ ਭੁੱਲ ਜਾਓ ਅਤੇ ਜਿਹੜੀ ਵੀ ਸ਼ੈਅ ਤੁਹਾਨੂੰ ਨਾਰਾਜ਼ ਕਰ ਸਕਦੀ ਹੈ, ਉਸ ਸਭ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰੋ।

ਰਿਸ਼ਤੇ ਭਾਂਵੇਂ ਕੱਚੇ ਹੋਣ, ਪੱਕੇ, ਰਸਮੀ, ਸਰਸਰੀ, ਸਮਾਜਕ, ਵਪਾਰਕ ਜਾਂ ਰੋਮੈਂਟਿਕ, ਉਨ੍ਹਾਂ ਸਭ ‘ਚ ਲੈਣ ਅਤੇ ਦੇਣ ਦਾ ਤਵਾਜ਼ਨ ਕਾਇਮ ਰੱਖਣਾ ਜ਼ਰੂਰੀ ਹੈ। ਅਸੀਂ ਓਦੋਂ ਖ਼ੁਸ਼ ਹੁੰਦੇ ਹਾਂ ਜਦੋਂ ਉਹ ਸਾਨੂੰ ਕੁਛ ਚੰਗਾ ਦੇ ਰਹੇ ਹੋਣ। ਅਸੀਂ ਤੰਗ ਆ ਜਾਂਦੇ ਹਾਂ ਜਦੋਂ ਇਹ ਸਪੱਸ਼ਟ ਹੋਣ ਲੱਗੇ ਕਿ ਉਹ ਸਾਡੇ ਤੋਂ ਦਰਅਸਲ ਬਹੁਤ ਜ਼ਿਆਦਾ ਲੈ ਰਹੇ ਹਨ। ਫ਼ਿਰ ਵੀ ਜੇਕਰ ਉਸ ‘ਤੇ ਇੱਕ ਝਾਤ ਮਾਰੀ ਜਾਵੇ ਜੋ ਇਸ ਵਕਤ ਤੁਹਾਡੇ ਸੰਸਾਰ ‘ਚ ਦਿੱਤਾ ਜਾ ਰਿਹੈ ਅਤੇ ਜੋ ਲਿਆ ਜਾ ਰਿਹੈ, ਉਸ ‘ਚ ਸਪਸ਼ਟ ਅਸੰਤੁਲਨ ਦਿਖਾਈ ਦੇ ਰਿਹੈ – ਅਤੇ ਇਹ ਅਜਿਹਾ ਨਹੀਂ ਜਿਹੜਾ ਤੁਹਾਡੇ ਹੱਕ ‘ਚ ਭੁਗਤ ਰਿਹਾ ਹੋਵੇ। ਪਰ ਵਾਪਰਣ ਵਾਲੀਆਂ ਘਟਨਾਵਾਂ, ਬਹੁਤ ਹੀ ਨੇੜਲੇ ਭਵਿੱਖ ‘ਚ, ਉਸ ਨੂੰ ਬਿਹਤਰ ਬਣਾਉਣ ‘ਚ ਮਦਦ ਕਰ ਸਕਦੀਆਂ ਹਨ।