ਪ੍ਰਾਚੀਨ ਗਰੀਕ ਨਾਟਕਕਾਰ ਮਨੈਂਦਰ ਨੇ ਇੱਕ ਵਾਰ ਦਲੇਰੀ ਅਤੇ ਅੜ੍ਹਬਪੁਣੇ ਦਰਮਿਆਨ ਫ਼ਰਕ ਸਮਝਾਉਂਦਿਆਂ ਇੱਕ ਜਗ੍ਹਾ ਲਿਖਿਆ ਸੀ, ”ਹਿੰਮਤ ਤੁਹਾਡੀ ਚੋਣ ਹੋਣੀ ਚਾਹੀਦੀ ਹੈ ਪਰ ਅੱਖੜਪੁਣਾ ਨਹੀਂ।”ਇਹ ਫ਼ਰਕ ਅੱਜ ਵੀ ਓਨਾ ਹੀ ਢੁਕਵਾਂ ਹੈ ਜਿੰਨਾ ਇੰਨੇ ਸਾਰੇ ਸਾਲ ਪਹਿਲਾਂ ਹੋਇਆ ਕਰਦਾ ਸੀ। ਤੁਹਾਡੀਆਂ ਅੰਦਰੂਨੀ ਡੂੰਘੀਆਂ ਭਾਵਨਾਵਾਂ ਅਤੇ ਜਜ਼ਬਾਤ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸ ਕਥਨ ਨੂੰ ਦੁਹਰਾਉਣਾ ਅੱਜ ਖਾਸ ਤੌਰ ‘ਤੇ ਮੁਨਾਸਿਬ ਹੈ। ਇਹ ਐਕਟਿੰਗ ਕਰ ਕੇ ਕਿ ਤੁਹਾਨੂੰ ਕਦੇ ਦੁੱਖ ਨਹੀਂ ਹੁੰਦਾ – ਜਾਂ ਜਿਵੇਂ ਤੁਹਾਨੂੰ ਕੋਈ ਡਰ ਨਹੀਂ ਅਤੇ ਨਾ ਹੀ ਤੁਹਾਡੇ ਦਿਲ ਨੂੰ ਸੱਟ ਵਜਦੀ ਹੈ, ਤੁਸੀਂ ਕੇਵਲ ਉਸ ਵਿਅਕਤੀ ਨੂੰ ਆਪਣੇ ਤੋਂ ਪਰ੍ਹਾਂ ਧੱਕ ਦਿਓਗੇ ਜਿਹੜਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੈ। ਪਰ ਜੇ ਤੁਸੀਂ ਹੁਣ ਖ਼ੁਦ ਨੂੰ ਸੰਵਾਦ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿਓ ਤਾਂ, ਬੇਸ਼ੱਕ ਅਸਵੀਕਾਰੇ ਜਾਣ ਦਾ ਖ਼ਤਰਾ ਉਠਾ ਕੇ ਵੀ, ਤੁਹਾਡੀ ਹਿੰਮਤ ਤੁਹਾਨੂੰ ਕੇਵਲ ਕਿਸੇ ਖ਼ਾਸ ਸਨੇਹੀ ਦੇ ਹੋਰ ਲਾਗੇ ਹੀ ਲੈ ਕੇ ਜਾਵੇਗੀ।

ਐਲਬਰਟ ਆਇਨਸਟਾਇਨ, ਜੋ ਕਿ ਨਾ ਕੇਵਲ ਇੱਕ ਮਹਾਨ ਵਿਗਿਆਨੀ ਹੀ ਸੀ ਸਗੋਂ ਇੱਕ ਗੰਭੀਰ ਫ਼ਿਲਾਸਫ਼ਰ ਵੀ ਸੀ, ਵਲੋਂ ਲਿਖਿਆ ਇੱਕ ਕਥਨ ਪੇਸ਼-ਏ-ਖ਼ਿਦਮਤ ਹੈ: ”ਅਸੀਂ ਖ਼ੁਦ ਨੂੰ ਬਾਕੀ ਦੇ ਸੰਸਾਰ ਤੋਂ ਜੁਦਾ ਸਮਝਦੇ ਹਾਂ। ਇਹੀ ਉਹ ਭੁਲੇਖਾ ਹੈ ਜਿਹੜਾ ਸਾਨੂੰ ਕੈਦੀ ਬਣਾ ਕੇ ਦੂਸਰਿਆਂ ਪ੍ਰਤੀ ਸਾਡੇ ਮੋਹ ‘ਤੇ ਰੋਕ ਲਗਾ ਦਿੰਦੈ। ਸਾਡਾ ਕੰਮ ਹੋਣਾ ਚਾਹੀਦੈ, ਹਰ ਇੱਕ ਨੂੰ ਆਪਣੇ ਕਲਾਵੇ ‘ਚ ਲੈਣ ਦੀ ਆਪਣੀ ਸੰਵੇਦਨਾ ਨੂੰ ਹੋਰ ਤਿੱਖਾ ਕਰਨਾ।”ਮੈਂ ਇਹ ਲਫ਼ਜ਼ ਇੱਥੇ ਤੁਹਾਡੇ ਸਾਹਮਣੇ ਇਸ ਲਈ ਪ੍ਰਸਤੁਤ ਕਰ ਰਿਹਾਂ ਕਿਉਂਕਿ ਇਹ ਉਸ ਚੁਣੌਤੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਉਂਦੇ ਹਨ ਜਿਹੜੀ ਇਸ ਵਕਤ ਤੁਹਾਨੂੰ ਦਰਪੇਸ਼ ਹੈ। ਆਪਣੇ ਜੀਵਨ ‘ਚ ਵਧੇਰੇ ਪਿਆਰ ਅਤੇ ਆਨੰਦ ਮਹਿਸੂਸ ਕਰ ਲਈ, ਤੁਹਾਨੂੰ ਕੇਵਲ ਭਾਵਨਾਤਮਕ ਤੌਰ ‘ਤੇ ਵਧੇਰੇ ਫ਼ਰਾਖ਼ਦਿਲ ਬਣਨ ਦੀ ਲੋੜ ਹੈ!

”ਹਾਏ ਓਏ! ਪਿਆਰ ਨੂੰ ਜੜ੍ਹੀਆਂ-ਬੂਟੀਆਂ ਨਾਲ ਠੀਕ ਨਹੀਂ ਕੀਤਾ ਜਾ ਸਕਦਾ।”ਓਵਿਡ ਇੱਕ ਅਜਿਹਾ ਕਵੀ ਸੀ ਜਿਹੜਾ ਅੱਜ ਤੋਂ ਕੋਈ ਦੋ ਕੁ ਹਜ਼ਾਰ ਸਾਲ ਪਹਿਲਾਂ ਰੋਮ ‘ਚ ਰਹਿੰਦਾ ਸੀ। ਉਸ ਦੇ ਸ਼ਬਦ ਅੱਜ ਵੀ ਓਨੇ ਹੀ ਸੱਚੇ ਹਨ ਜਿੰਨੇ ਉਸ ਸਮੇਂ ਸਨ। ਨਾ ਹੀ ਪ੍ਰੇਮ ਨੂੰ, ਨਿਰਸੰਦੇਹ, ਜੜ੍ਹੀਆਂ-ਬੂਟੀਆਂ ਨਾਲ ਪੈਦਾ ਕੀਤਾ ਜਾ ਸਕਦੈ ਬਾਵਜੂਦ ਇਸ ਦੇ ਕਿ ਅੱਜਕੱਲ੍ਹ ਮਨੋਰੰਜਨ ਲਈ ਬਣਾਈਆਂ ਗਈਆਂ ਮੂਡ-ਬਦਲੂ ਦਵਾਈਆਂ ਨੌਜਵਾਨਾਂ ‘ਚ ਬਹੁਤ ਜ਼ਿਆਦਾ ਮਕਬੂਲ ਹਨ। ਸੱਚਾ ਪਿਆਰ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਿੱਧੀ ਦਿਲ ‘ਚੋਂ ਨਿਕਲਦੀ ਹੈ (ਅਤੇ ਜਾਂਦੀ ਵੀ ਸਿੱਧੀ ਉੱਥੇ ਹੀ ਐ)। ਤੁਹਾਡੀ ਜ਼ਿੰਦਗੀ ‘ਚ ਵਾਪਰੀਆਂ ਹਾਲੀਆ ਘਟਨਾਵਾਂ ਨੇ ਤੁਹਾਨੂੰ ਬਹੁਤ ਸ਼ਿੱਦਤ ਨਾਲ ਤੁਹਾਡੇ ਦਿਲ ਵਿਚਲੇ ਉਸ ਪ੍ਰੇਮ ਦਾ ਅਹਿਸਾਸ ਕਰਵਾਇਐ ਜਿਸ ਬਾਰੇ ਤੁਸੀਂ ਅਣਮਨੇ ‘ਚ ਕਦੇ-ਕਦੇ ਕਾਮਨਾ ਕਰਦੇ ਹੋ ਕਿ ਤੁਹਾਨੂੰ ਉਸ ਤੋਂ ਨਿਜਾਤ ਮਿਲ ਜਾਵੇ। ਛੇਤੀ ਹੀ ਤੁਸੀਂ ਉਸ ਨੂੰ ਲੈ ਕੇ ਖ਼ੁਸ਼ ਹੋਵੋਗੇ ਜੋ ਤੁਸੀਂ ਮਹਿਸੂਸ ਕਰ ਰਹੇ ਹੋ।

ਹਰ ਰੋਜ਼ ਸਾਨੂੰ ਰੋਟੀ ਖਾਣੀ ਪੈਂਦੀ ਹੈ, ਹਰ ਰਾਤ ਸਾਨੂੰ ਸੌਣਾ ਪੈਂਦੈ, ਸਾਡੀਆਂ ਸੰਸਾਰਕ ਜ਼ਿੰਦਗੀਆਂ ਅਜਿਹੀਆਂ ਪ੍ਰਕਿਰਿਆਵਾਂ ਨਾਲ ਭਰੀਆਂ ਪਈਆਂ ਹਨ ਜਿਹੜੀਆਂ ਸਾਨੂੰ ਮੁੜ-ਮੁੜ ਦੁਹਰਾਉਣੀਆਂ ਪੈਂਦੀਆਂ ਨੇ। ਇਹ ਉਹ ਤਜਰਬੇ ਹਨ ਜਿਹੜੇ ਅਸੀਂ ਸਾਰੇ ਹਰ ਸਮੇਂ ਜਿਊਂਦੇ ਰਹਿੰਦੇ ਹਾਂ, ਦਿਨੇਂ-ਰਾਤੀਂ। ਸਾਡੇ ਭਾਵਨਾਤਮਕ ਜੀਵਨਾਂ ‘ਚ ਵੀ, ਦੁਹਰਾਅ ਅਤੇ ਨਵਿਆਉਣ ਦੀ ਲੋੜ ਸਾਨੂੰ ਲਗਾਤਾਰ ਪੈਂਦੀ ਹੈ। ਅਸੀਂ ਕਿਸੇ ਭਾਵਨਾ ਦੀ ਯਾਦ ‘ਚ ਹੀ ਆਪਣਾ ਸਾਰਾ ਜੀਵਨ ਬਤੀਤ ਨਹੀਂ ਕਰ ਸਕਦੇ, ਫ਼ਿਰ ਚਾਹੇ ਉਹ ਕਿੰਨੀ ਵੀ ਗਹਿਰੀ ਜਾਂ ਮਜ਼ਬੂਤ ਕਿਉਂ ਨਾ ਹੋਵੇ। ਸੋ, ਆ ਰਹੇ ਜੇ ਤੁਸੀਂ, ਫ਼ਿਰ ਉਸੇ ਸਥਿਤੀ ‘ਚ ਵਾਪਿਸ ਜਿਸ ‘ਚ ਤੁਸੀਂ ਖ਼ੁਦ ਨੂੰ ਪਹਿਲਾਂ ਵੀ ਪਾ ਚੁੱਕੇ ਹੋ। ਕੀ ਤੁਸੀਂ ਕੋਈ ਅਜਿਹੀ ਸ਼ੈਅ ਕਰ ਰਹੇ ਹੋ ਜਿਹੜੀ ਤੁਸੀਂ ਵੀ ਪਹਿਲਾਂ ਕਰ ਚੁੱਕੇ ਹੋ? ਪੂਰੀ ਤਰ੍ਹਾਂ ਨਾਲ ਇੰਝ ਦੀ ਕੋਈ ਗੱਲ ਨਹੀਂ। ਜੋ ਕੁੱਝ ਹੋ ਰਿਹੈ, ਉਹ ਮਿਲਦਾ-ਜੁਲਦਾ ਤਾਂ ਹੈ ਪਰ ਵੱਖਰੈ। ਜੇਕਰ ਤੁਸੀਂ ਕਿਸੇ ਚੀਜ਼ ਨੂੰ ਥੋੜ੍ਹਾ ਬਦਲਣਾ ਚਾਹੁੰਦੇ ਹੋ ਤਾਂ ਇਹ ਵੀ ਮੁਮਕਿਨ ਹੈ।

ਰੌਸ਼ਨੀ ਜਿੰਨੀ ਚਮਕਦਾਰ ਹੋਵੇ, ਪਰਛਾਵਾਂ ਓਨਾ ਹੀ ਗੂੜ੍ਹਾ ਹੁੰਦੈ। ਉਮੀਦ ਜਿੰਨੀ ਉੱਚੀ ਹੋਵੇ, ਡਰ ਓਨਾ ਹੀ ਗਹਿਰਾ ਹੁੰਦੈ। ਜੋਸ਼ ਜਿੰਨਾ ਜ਼ਿਆਦਾ ਹੋਵੇ, ਨਿਰਾਸ਼ਾ ਦਾ ਖ਼ਤਰਾ ਓਨਾ ਹੀ ਵੱਡਾ ਹੁੰਦੈ। ਜੀਵਨ ਅਜਿਹੀਆਂ ਬੇਸ਼ੁਮਾਰ ਤੁਲਨਾਵਾਂ ਨਾਲ ਭਰਪੂਰ ਹੈ। ਸਭ ਕੁੱਝ ਠੀਕ-ਠਾਕ ਹੈ ਜਦੋਂ ਤਕ ਤੁਸੀਂ ਸਹੀ ਦਿਸ਼ਾ ‘ਚ ਦੇਖ ਰਹੇ ਹੋ। ਪਰ ਜਦੋਂ ਤੁਸੀਂ ਮੁੜ ਕੇ ਦੇਖਦੇ ਹੋ ਤਾਂ ਤੁਸੀਂ ਹੈਰਾਨ ਹੋ ਕੇ ਸੋਚਦੇ ਹੋ ਕਿ ਕਿਤੇ ਤੁਸੀਂ ਮੁੱਢ ਤੋਂ ਹੀ ਗ਼ਲਤ ਦਿਸ਼ਾ ‘ਚ ਤਾਂ ਨਹੀਂ ਸੀ ਦੇਖ ਰਹੇ। ਸ਼ਾਇਦ ਉਹ ਸਾਰੇ ਨਾਕਾਰਾਤਮਕ ਪਹਿਲੂ ਉਸ ਤੋਂ ਵੱਧ ਤਵੱਜੋ ਦੇ ਹਕਦਾਰ ਹਨ ਜਿੰਨੀ ਤੁਸੀਂ ਉਨ੍ਹਾਂ ਨੂੰ ਦੇ ਰਹੇ ਹੋ। ਦਰਅਸਲ, ਅਜਿਹੀ ਕੋਈ ਗੱਲ ਨਹੀਂ, ਅਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੇਵਲ ਸਾਕਾਰਾਤਮਕ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੋ।