ਸ਼੍ਰੀਨਗਰ – ਨੈਸ਼ਨਲ ਕਾਨਫਰੈਂਸ (ਐੱਨ. ਸੀ.) ਦੇ ਉੱਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਜੋ ਸਮੱਸਿਆਵਾਂ ਪੈਦਾ ਹੋਈਆਂ ਹਨ, ਉਹ ਆਰਟੀਕਲ 370 ਤੋਂ ਨਹੀਂ ਸਗੋਂ ਬੰਦੂਕ ਤੋਂ ਪੈਦਾ ਹੋਈਆਂ ਹਨ। ਆਰਟੀਕਲ 370 ਤਾਂ ਦੇਸ਼ ਅਤੇ ਜੰਮੂ-ਕਸ਼ਮੀਰ ਵਿਚਾਲੇ ਇਕ ਸੰਵਿਧਾਨਕ ਰਾਬਤਾ ਸੀ। ਉਮਰ ਅਬਦੁਲਾ ਨੇ ਇਕ ਇੰਟਰਵਿਊ ’ਚ ਇਹ ਗੱਲ ਕਹੀ।
ਜੰਮੂ-ਕਸ਼ਮੀਰ ਦਾ ਬਜਟ ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਤੋਂ ਵੱਧ ਹੋਣ ਬਾਰੇ ਪੁੱਛੇ ਜਾਣ ’ਤੇ ਉਮਰ ਨੇ ਕਿਹਾ ਕਿ ਬਜਟ ਨੂੰ ਇਕ ਪਾਸੇ ਛੱਡ ਦਿਓ, ਸਾਨੂੰ ਸਾਡੀਆਂ ਨਦੀਆਂ ਦਾ ਖੁਦ ਇਸਤੇਮਾਲ ਕਰਨ ਦਿਓ, ਅਸੀਂ ਖੁਦ ਉਨ੍ਹਾਂ ’ਤੇ ਬਿਜਲੀ ਪ੍ਰੋਜੈਕਟ ਬਣਾਵਾਂਗੇ ਅਤੇ ਬਿਜਲੀ ਨੂੰ ਵੇਚ ਕੇ ਜੰਮੂ-ਕਸ਼ਮੀਰ ਚਲਾਵਾਂਗੇ। ਉਨ੍ਹਾਂ ਕਿਹਾ ਕਿ ਜੇ ਜੰਮੂ-ਕਸ਼ਮੀਰ ਦਾ ਬਜਟ ਜ਼ਿਆਦਾ ਹੈ ਤਾਂ ਜੰਮੂ-ਕਸ਼ਮੀਰ ਕਈ ਚੀਜ਼ਾਂ ’ਚ ਦੇਸ਼ ਦੇ ਹੋਰ ਸੂਬਿਆਂ ਤੋਂ ਅੱਗੇ ਵੀ ਹੈ।