ਲੁਧਿਆਣਾ : ਸਥਾਨਕ ਕੈਲਾਸ਼ ਚੌਂਕ ਭਾਂਬੀਆ ਰੋਡ, ਚੰਦਰ ਨਗਰ, ਮਾਡਲ ਟਾਊਨ, ਜਨਤਾ ਨਗਰ, ਬਸਤੀ ਜੋਧੇਵਾਲ ਅਤੇ ਰਾਣੀ ਝਾਂਸੀ ਰੋਡ ਸਮੇਤ ਦਰਜਨਾਂ ਇਸ ਤਰ੍ਹਾਂ ਦੇ ਇਲਾਕੇ ਹਨ, ਜੋ ਡੇਂਗੂ ਦੇ ਨਿਸ਼ਾਨੇ ’ਤੇ ਹਨ। ਇਨ੍ਹਾਂ ਇਲਾਕਿਆਂ ਤੋਂ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਥਾਨਕ ਹਸਪਤਾਲਾਂ ’ਚ 80 ਦੇ ਲਗਭਗ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ ਸਿਹਤ ਵਿਭਾਗ ਨੇ ਇਨ੍ਹਾਂ ’ਚੋਂ 22 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਮਰੀਜ਼ਾਂ ਵਿਚ 12 ਜ਼ਿਲ੍ਹੇ ਨਾਲ ਸਬੰਧਿਤ ਹਨ, ਜਦੋਂ ਕਿ 8 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਜਿਨ੍ਹਾਂ ਵਿਚ ਮੁਕਤਸਰ, ਹੁਸ਼ਿਆਰਪੁਰ ਅਤੇ ਮੋਗਾ ਸ਼ਾਮਲ ਹਨ, ਦੇ ਰਹਿਣ ਵਾਲੇ ਹਨ। 2 ਮਰੀਜ਼ ਜੰਮੂ ਅਤੇ ਕਸ਼ਮੀਰ ਸੂਬੇ ਨਾਲ ਸਬੰਧਿਤ ਹਨ। ਦੱਸਣਯੋਗ ਹੈ ਕਿ ਉਕਤ ਇਲਾਕਿਆਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਭਰਪੂਰ ਮਾਤਰਾ ’ਚ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ ਅਤੇ ਹੁਣ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਆਪਣੇ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਚਿਕਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ ਹੋਈ 2
ਜ਼ਿਲ੍ਹੇ ਵਿਚ ਚਿਕਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ। ਇਨ੍ਹਾਂ ਵਿਚੋਂ 1 ਪਾਜ਼ੇਟਿਵ ਮਰੀਜ਼ ਅੰਬੇਡਕਰ ਨਗਰ ਦਾ ਰਹਿਣ ਵਾਲਾ ਹੈ, ਜਦਕਿ ਦੂਜੇ ਮਰੀਜ਼ ਨੂੰ ਸਿਹਤ ਵਿਭਾਗ ਵਿਚ ਫਿਲਹਾਲ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੋਇਆ ਹੈ।