ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਕਈ ਆਗੂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਮੰਗਲਵਾਰ ਨੂੰ ਸਾਈਕਲ ’ਤੇ ਸਵਾਰ ਹੋ ਕੇ ਸੰਸਦ ਪੁੱਜੇ। ਕਾਂਸਟੀਟਿਊਸ਼ਨ ਕਲੱਬ ਵਿਚ ਵਿਰੋਧੀ ਧਿਰ ਦੇ ਨਾਲ ਚਾਹ-ਨਾਸ਼ਤਾ ’ਤੇ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਸਾਈਕਲ ਚਲਾਉਂਦੇ ਹੋਏ ਸੰਸਦ ਪੁੱਜੇ। ਉਨ੍ਹਾਂ ਨੇ ਸਾਈਕਲ ’ਤੇ ਅੱਗੇ ਇਕ ਤਖ਼ਤੀ ਰੱਖੀ ਸੀ, ਜਿਸ ’ਤੇ ਰਸੋਈ ਗੈਸ ਸਿਲੰਡਰ ਦੀ ਤਸਵੀਰ ਸੀ ਅਤੇ ਇਸ ਦੀ ਕੀਮਤ 834 ਰੁਪਏ ਲਿਖੀ ਹੋਈ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਦੀ ਬੈਠਕ ’ਚ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਵਿਰੋਧ ’ਚ ਸੰਸਦ ਤੱਕ ਸਾਈਕਲ ਮਾਰਚ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਨਾਲ ਲੋਕ ਸਭਾ ’ਚ ਕਾਂਗਰਸ ਦੇ ਸੀਨੀਅਰ ਆਗੂ ਕੇ. ਸੀ. ਵੇਣੂਗੋਪਾਲ, ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਸੈਯਦ ਨਾਸਿਰ ਹੁਸੈਨ, ਰਾਜਦ ਦੇ ਮਨੋਜ ਝਾਅ, ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਅਤੇ ਕੁਝ ਹੋਰ ਸੰਸਦ ਮੈਂਬਰ ਵੀ ਸਾਈਕਲ ਚਲਾ ਕੇ ਸੰਸਦ ਪਹੁੰਚੇ। ਕਾਂਗਰਸ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੈਯਦ ਨਾਸਿਰ ਹੁਸੈਨ ਨੇ ਕਿਹਾ ਕਿ ਰਾਹੁਲ ਅਤੇ ਦੂਜੇ ਵਿਰੋਧੀ ਧਿਰ ਦੇ ਆਗੂਆਂ ਨੇ ਆਮ ਜਨਤਾ ਦੀ ਆਵਾਜ਼ ਚੁੱਕੀ ਹੈ। ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਪਰ ਸਰਕਾਰ ਕਿਸੇ ਦੀ ਨਹੀਂ ਸੁਣ ਰਹੀ ਹੈ। ਅਸੀਂ ਸੰਸਦ ਦੇ ਅੰਦਰ ਅਤੇ ਬਾਹਰ ਜਨਤਾ ਦੀ ਆਵਾਜ਼ ਚੁੱਕਦੇ ਰਹਾਂਗੇ।