ਨੈਸ਼ਨਲ ਡੈਸਕ– ਭਾਰਤ ’ਚ ਜਾਇਡਸ ਕੈਡਿਲਾ ਤੋਂ ਇਲਾਵਾ ਬੱਚਿਆਂ ਲਈ ਜਲਦੀ ਹੀ ਫਾਇਜ਼ਰ ਤੇ ਮੋਡਰਨਾ ਦੀ ਐੱਮ. ਆਰ. ਐੱਨ. ਏ. ਤਕਨੀਕ ਨਾਲ ਬਣੇ ਟੀਕੇ ਉਪਲਬਧ ਹੋ ਸਕਦੇ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਇਸ ਨਾਲ ਜੁੜੇ ਕਾਨੂੰਨੀ ਮਾਮਲਿਆਂ ਨੂੰ ਜਲਦੀ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਸਵਦੇਸ਼ੀ ਟੀਕਾ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਦੇ ਸੁਸਤ ਵਾਇਰਸ ’ਤੇ ਆਧਾਰਿਤ ਟੀਕੇ ਦਾ 2 ਸਾਲ ਤੋਂ ਵੱਧ ਉਮਰ ਬੱਚਿਆਂ ’ਤੇ ਪ੍ਰੀਖਣ ਚਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਬਾਜ਼ਾਰ ’ਚ ਆਉਣ ’ਚ ਅਜੇ ਸਮਾਂ ਲੱਗੇਗਾ।
ਜਦਕਿ ਫਾਇਜ਼ਰ ਤੇ ਮੋਡਰਨਾ ਦੇ ਟੀਕਿਆਂ ਨੂੰ ਭਾਰਤੀ ਬਾਜ਼ਾਰ ’ਚ ਲਿਆਉਣ ਲਈ ਕਾਨੂੰਨੀ ਝਮੇਲਿਆਂ ਨੂੰ ਹੱਲ ਕਰ ਲਿਆ ਜਾਵੇ ਤਾਂ ਇਹ ਜਲਦੀ ਹੀ ਬੱਚਿਆਂ ਲਈ ਉਪਲਬਧ ਹੋ ਜਾਣਗੇ। ਭਾਰਤ ਬਾਇਓਟੈੱਕ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ’ਤੇ ਪ੍ਰੀਖਣ ਕਰ ਚੁੱਕਾ ਹੈ ਅਤੇ ਹੁਣ ਉਹ 2 ਸਾਲ ਜਾਂ ਉਸ ਤੋਂ ਵਧ ਉਮਰ ਦੇ ਬੱਚਿਆਂ ’ਤੇ ਪ੍ਰੀਖਣ ਕਰ ਰਿਹਾ ਹੈ। ਆਸ ਹੈ ਕਿ ਇਹ ਟੀਕਾ 2021 ਦੇ ਅੰਤ ਤਕ ਭਾਰਤੀ ਬਾਜ਼ਾਰ ’ਚ ਉਪਲਬਧ ਹੋਵੇਗਾ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਕਿਹਾ ਸੀ ਕਿ ਅਸੀਂ ਮੋਡਰਨਾ ਤੇ ਫਾਇਜ਼ਰ ਦੇ ਸੰਪਰਕ ’ਚ ਹਨ। ਅਸੀਂ ਚਰਚਾ ਕਰ ਰਹੇ ਹਾਂ। ਇਹ ਗੱਲਬਾਤ ਅਤੇ ਸੰਵਾਦ ਦੀ ਪ੍ਰਕਿਰਿਆ ਹੈ। ਅਸੀਂ ਕਾਂਟ੍ਰੈਕਟ ਤੇ ਵਚਨਬੱਧਤਾ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਹਾਂ। ਇਹ ਪ੍ਰਕਿਰਿਆ ਚੱਲ ਰਹੀ ਹੈ।
ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦੀ ਤਿਆਰੀ
ਭਾਰਤ ਬਾਇਓਟੈੱਕ ਬੱਚਿਆਂ ਨੂੰ ਨੱਕ ਰਾਹੀਂ ਦਿੱਤੇ ਜਾਣ ਵਾਲੇ ਟੀਕੇ ਬੀਬੀ-154 ’ਤੇ ਵੀ ਦਾਅ ਲਗਾ ਰਹੀ ਹੈ। ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ ਕਿ ਇਹ ਟੀਕਾ ਸੂਈ ਰਾਹੀਂ ਨਹੀਂ ਦਿੱਤਾ ਜਾਂਦਾ। ਇਸ ਨੂੰ ਲਾਉਣਾ ਆਸਾਨ ਹੈ ਕਿਉਂਕਿ ਇਸ ਦੇ ਲਈ ਟ੍ਰੇਂਡ ਸਿਹਤ ਕਰਮਚਾਰੀ ਦੀ ਲੋੜ ਨਹੀਂ ਹੈ।
ਇਹ ਬੱਚਿਆਂ ਲਈ ਆਦਰਸ਼ ਹੈ। ਇਸ ਸੰਭਾਵਿਤ ਟੀਕੇ ਦਾ ਵੀ ਪ੍ਰੀਖਣ ਚਲ ਰਿਹਾ ਹੈ। ਭਾਰਤ ਬਾਇਓਟੈਕ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਐੱਲਾ ਨੇ ਬੀਤੇ ਸਾਲ ਕਿਹਾ ਸੀ ਕਿ ਸਾਡਾ ਟੀਕਾ ਸੁਰੱਖਿਅਤ ਹੈ ਅਤੇ ਉਸ ਨੂੰ ਜਾਂਚੀ-ਪਰਖੀ ਤਕਨੀਕ ’ਤੇ ਤਿਆਰ ਕੀਤਾ ਗਿਆ ਹੈ। ਇਹ 6 ਮਹੀਨੇ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਤਕ ਨੂੰ ਦਿੱਤਾ ਜਾ ਸਕਦਾ ਹੈ।
ਕਿਉਂ ਜ਼ਰੂਰੀ ਹੈ ਬੱਚਿਆਂ ਲਈ ਵੈਕਸੀਨ?
ਕੋਵਿਡ-19 ਮਹਾਮਾਰੀ ਦੇ ਸ਼ੁਰੂ ਤੋਂ ਹੀ ਮਾਪਿਆਂ ਨੂੰ ਇਸ ਤੱਥ ਤੋਂ ਰਾਹਤ ਮਿਲਦੀ ਰਹੀ ਹੈ ਕਿ ਜੇਕਰ ਬੱਚੇ ਵਾਇਰਸ ਨਾਲ ਇਨਫੈਕਟਿਡ ਹੁੰਦੇ ਹਨ ਤਾਂ ਆਮ ਤੌਰ ’ਤੇ ਉਨ੍ਹਾਂ ’ਚ ਗੰਭੀਰ ਲੱਛਣ ਨਹੀਂ ਦਿਖਦੇ ਅਤੇ ਉਹ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਹਾਲਾਂਕਿ ਇਹ ਗੱਲ ਸਾਰੇ ਬੱਚਿਆਂ ’ਤੇ ਲਾਗੂ ਨਹੀਂ ਹੁੰਦੀ ਅਤੇ ਕੁਝ ਬੱਚਿਆਂ ’ਚ ਮਲਟੀਸਿਸਟਮ ਇਨਫਲੇਮੇਟਰੀ ਸਿੰਡ੍ਰੋਮ ਇਨ ਚਿਲਡ੍ਰਨ (ਐੱਮ. ਆਈ. ਐੱਸ. ਸੀ.) ਦੀ ਸਮੱਸਿਆ ਦੇਖਣ ਨੂੰ ਮਿਲੀ। ਇਹ ਇਕ ਗੰਭੀਰ ਹਾਲਤ ਹੈ ਜਿਸ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਵਿਸ਼ਵ ਪੱਧਰ ’ਤੇ ਬੱਚਿਆਂ ਤੇ ਨੌਜਵਾਨਾਂ ਲਈ ਕੋਵਿਡ-19 ਟੀਕਿਆਂ ਦੇ ਕੁਝ ਬਦਲ ਹੁਣ ਉਪਲਬਧ ਹਨ। ਫਾਇਜ਼ਰ-ਬਾਇਓਐਨਟੈੱਕ ਤੇ ਮੋਡਰਨਾ ਦਾ ਐੱਮ. ਆਰ. ਐੱਨ. ਏ. ਟੀਕਾ, ਜਾਇਡਸ ਕੈਡਿਲਾ ਦਾ ਡੀ. ਐੱਨ. ਏ. ਪਲਾਜ਼ਮਿਡ , ਭਾਰਤ ਬਾਇਓਟੈੱਕ ਦਾ ਸੁਸਤ ਵਾਇਰਸ ’ਤੇ ਆਧਾਰਿਤ ਟੀਕਾ ਅਤੇ ਚੀਨ ਦੇ ਸਾਇਨੋਵੈਕ ਅਤੇ ਸਾਇਨੋਫਾਰਮ ਅਜਿਹੇ ਹੀ ਟੀਕੇ ਹਨ। ਇਨ੍ਹਾਂ ’ਚੋਂ ਫਾਇਜ਼ਰ ਤੇ ਮੋਡਰਨਾ ਦੇ ਟੀਕਿਆਂ ਦਾ ਨੌਜਵਾਨਾਂ ’ਤੇ ਸੀਮਿਤ ਇਸਤੇਮਾਲ ਕੀਤਾ ਗਿਆ ਹੈ ਅਤੇ ਭਾਰਤ ’ਚ ਵੀ ਇਹ ਟੀਕੇ ਜਲਦੀ ਉਪਲਬਧ ਹੋ ਸਕਦੇ ਹਨ।
ਬੱਚਿਆਂ ਦੇ ਕਿਹੜੇ ਅੰਗਾਂ ’ਤੇ ਅਸਰ ਪਾਉਂਦਾ ਹੈ ਕੋਵਿਡ?
ਮਾਇਓ ਕਲੀਨਿਕ ਦੇ ਮੁਤਾਬਕ ਕੋਵਿਡ-19 ਤੋਂ ਪ੍ਰਭਾਵਿਤ ਵਧੇਰੇ ਬੱਚਿਆਂ ’ਚ ਮਾਮੂਲੀ ਲੱਛਣ ਦਿਖੇ ਪਰ ਕੁਝ ਬੱਚਿਆਂ ਵਿਚ ਐੱਮ. ਆਈ. ਐੱਸ. ਸੀ. ਦੇ ਲੱਛਣ ਵੀ ਨਜ਼ਰ ਆਏ। ਇਨ੍ਹਾਂ ਬੱਚਿਆਂ ’ਚ ਦਿਲ, ਫੇਫੜੇ, ਖੂਨ ਦੀਆਂ ਨਲੀਆਂ, ਗੁਰਦਿਆਂ, ਪਾਚਨ ਪ੍ਰਣਾਲੀ, ਦਿਮਾਗ, ਚਮੜੀ ਤੇ ਅੱਖਾਂ ’ਚ ਕਾਫੀ ਸੋਜ਼ ਦੇਖਣ ਨੂੰ ਮਿਲੀ।
ਬੀਮਾਰੀ ਦੇ ਚਿੰਨ੍ਹ ਤੇ ਲੱਛਣ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਸਰੀਰ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੈ। ਬੱਚਿਆਂ ਲਈ ਟੀਕਿਆਂ ਦੀ ਲੋੜ ਕਈ ਕਾਰਨਾਂ ਕਰ ਕੇ ਵਧਦੀ ਜਾ ਰਹੀ ਹੈ। ਇਸ ਵਿਚ ਬੱਚਿਆਂ ਦਾ ਬਚਾਅ, ਇਨਫੈਕਸ਼ਨ ਰੋਕਣਾ, ਸਕੂਲਾਂ ਨੂੰ ਖੋਲ੍ਹਣ ਦੀ ਲੋੜ ਆਦਿ ਸ਼ਾਮਲ ਹੈ। ਅਮਰੀਕੀ ਰੈਗੂਲੇਟਰੀ ਨੇ ਹੁਣ ਦੋਵਾਂ ਕੰਪਨੀਆਂ ਨੂੰ ਕਿਹਾ ਹੈ ਕਿ ਉਹ 5 ਤੋਂ 11 ਸਾਲ ਦੇ ਬੱਚਿਆਂ ’ਤੇ ਇਸ ਦਾ ਪ੍ਰੀਖਣ ਸ਼ੁਰੂ ਕਰਨ।
ਜਾਇਡਸ ਕੈਡਿਲਾ ਨੂੰ ਭਾਰਤੀ ਡਰੱਗ ਕੰਟਰੋਲਰ ਜਨਰਲ ਤੋਂ ਨਹੀਂ ਮਿਲੀ ਮਨਜ਼ੂਰੀ
ਅਹਿਮਦਾਬਾਦ ਦੀ ਕੰਪਨੀ ਜਾਇਡਸ ਕੈਡਿਲਾ ਨੂੰ ਆਪਣੇ ਟੀਕੇ ਜਾਯਕੋਵੀ-ਡੀ ਲਈ ਭਾਰਤੀ ਡਰੱਗ ਕੰਟਰੋਲਰ ਜਨਰਲ ਦੀ ਮਨਜ਼ੂਰੀ ਦੀ ਲੋੜ ਹੈ। ਉਸ ਨੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵਿਚ ਇਸ ਦੀ ਵਰਤੋਂ ਦੀ ਮਨਜ਼ੂਰੀ ਮੰਗੀ ਹੈ ਅਤੇ ਉਸ ਨੇ ਪਹਿਲਾਂ ਹੀ ਦੂਜੇ ਪੜਾਅ ਦੀ ਪਰਖ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਕੰਪਨੀ ਨੇ ਤੀਜੇ ਪੜਾਅ ਲਈ ਇਕ ਹਜ਼ਾਰ ਅੱਲੜ੍ਹਾਂ ਦੇ ਅੰਕੜੇ ਇਕੱਠੇ ਕਰ ਲਏ ਹਨ, ਜਿਨ੍ਹਾਂ ਨੂੰ ਜਲਦੀ ਹੀ ਰੈਗੂਲੇਟਰੀ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਦਰਮਿਆਨ ਕੰਪਨੀ ਜਲਦੀ ਹੀ ਡੀ. ਐੱਨ. ਏ.-ਪਲਾਜ਼ਮਿਡ ਤਕਨੀਕ ’ਤੇ ਆਧਾਰਤ ਕੋਵਿਡ-19 ਟੀਕੇ ਦੀ ਪਰਖ 5 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ’ਤੇ ਕਰਨ ਵਾਲੀ ਹੈ।