ਨਵੀਂ ਦਿੱਲੀ- ਦਿੱਲੀ ਦੀ ਅਰਵਿੰਦ ਕੇਜਰੀਵਾਲ ਕੈਬਨਿਟ ਨੇ ਵਿਧਾਇਕਾਂ ਦੇ ਤਨਖਾਹ-ਭੱਤਾ ਵਾਧੇ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਕੈਬਨਿਟ ਦੇ ਮਤੇ ਅਨੁਸਾਰ, ਹੁਣ ਦਿੱਲੀ ਦੇ ਵਿਧਾਇਕਾਂ ਨੂੰ 30 ਹਜ਼ਾਰ ਮਹੀਨਾ ਤਨਖਾਹ ਮਿਲੇਗੀ। ਪਹਿਲਾਂ ਵਿਧਾਇਕਾਂ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਦਿੱਲੀ ਕੈਬਨਿਟ ਵਲੋਂ ਪਾਸ ਕੀਤੇ ਗਏ ਮਤੇ ‘ਚ ਵਿਧਾਇਕਾਂ ਨੂੰ ਤਨਖਾਹ ਅਤੇ ਹੋਰ ਭੱਤਿਆਂ ਨੂੰ ਮਿਲਾ ਕੇ ਕੁੱਲ 90 ਹਜ਼ਾਰ ਰੁਪਏ ਮਹੀਨਾ ਮਿਲੇਗਾ। ਜਦੋਂ ਕਿ ਮੌਜੂਦਾ ਸਮੇਂ ਵਿਧਾਇਕਾਂ ਦਾ ਤਨਖਾਹ-ਭੱਤਾ 54 ਹਜ਼ਾਰ ਰੁਪਏ ਮਹੀਨਾ ਹੈ।
ਸੂਤਰਾਂ ਅਨੁਸਾਰ 2015 ‘ਚ ਦਿੱਲੀ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਕਾਨੂੰਨ ਦਿੱਲੀ ਵਿਧਾਨ ਸਭਾ ਤੋਂ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ, ਜਿਸ ਨੂੰ ਕੇਂਦਰ ਨੇ ਨਾਮਨਜ਼ੂਰ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਅਤੇ ਭੱਤਾ ਮਾਮਲੇ ‘ਚ ਕੁਝ ਵੀ ਸੁਝਾਅ ਵੀ ਦਿੱਤੇ ਸਨ। ਕੇਂਦਰ ਸਰਕਾਰ ਵਲੋਂ ਦਿੱਤੇ ਗਏ ਸੁਝਾਅ ‘ਤੇ ਹੀ ਦਿੱਲੀ ਕੈਬਨਿਟ ਨੇ ਚਰਚਾ ਕਰ ਕੇ ਨਵੇਂ ਮਤੇ ‘ਤੇ ਮੋਹਰ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ 2011 ਤੋਂ ਬਾਅਦ ਯਾਨੀ 10 ਸਾਲਾਂ ਤੋਂ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ‘ਚ ਕੋਈ ਵਾਧਾ ਨਹੀਂ ਹੋਇਆ ਹੈ। ਦਿੱਲੀ ਕੈਬਨਿਟ ਵਲੋਂ ਪਾਸ ਕੀਤਾ ਗਿਆ ਨਵਾਂ ਮਤਾ ਹੁਣ ਕੇਂਦਰ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ ਅਤੇ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਦਿੱਲੀ ਸਰਕਾਰ ਮੁੜ ਦਿੱਲੀ ਵਿਧਾਨ ਸਭਾ ‘ਚ ਬਿੱਲ ਲੈ ਕੇ ਆਏਗੀ।