ਨਵੀਂ ਦਿੱਲੀ– ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਰਸਮੀ ਤੌਰ ’ਤੇ ਕਾਂਗਰਸ ਵਿਚ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ’ਤੇ ਕੰਮ ਕਰ ਰਹੀ ਹੈ। ਕਿਸ਼ੋਰ ਨੂੰ ਬਹੁਤ ਜਲਦੀ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸਲਾਹਕਾਰ (ਰਣਨੀਤੀ) , ਸੋਨੀਆ ਗਾਂਧੀ ਦੇ ਸਲਾਹਕਾਰ ਜਾਂ ਜਿਸ ਅਹੁਦੇ ’ਤੇ ਸਹਿਮਤੀ ਬਣੇ, ਉਸ ’ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਸਿਰਫ ਇਕ ਹੀ ਸ਼ਰਤ ਹੈ ਕਿ ਜੇ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਚੋਣ ਰਣਨੀਤੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਆਗੂਆਂ ਨੂੰ ਉਨ੍ਹਾਂ ਦੀ ਰਣਨੀਤੀ ’ਤੇ ਅਮਲ ਕਰਨਾ ਹੋਵੇਗਾ।
15 ਜੁਲਾਈ ਨੂੰ ਗਾਂਧੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਨਾਲ ਹੋਈ ਬੈਠਕ ਵਿਚ ਉਨ੍ਹਾਂ ਦੱਸਿਆ ਕਿ ਇਸ ਸਾਲ ਮਈ ਵਿਚ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਤੋਂ ਪਹਿਲਾਂ ਉਹ 18 ਮਹੀਨੇ ਸੂਬੇ ਵਿਚ ਰਹੇ। ਇਸ ਦੌਰਾਨ ਉਹ ਸਿਰਫ ਇਕ ਵਾਰ ਆਪਣੀ ਪਤਨੀ ਅਤੇ ਬੱਚੇ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨਾਲ ਰਾਜ ਸਭਾ ਦੀ ਕੋਈ ਸੀਟ ਜਾਂ ਕੋਈ ਹੋਰ ਅਹੁਦਾ ਲੈਣ ਲਈ ਨਹੀਂ ਜੁੜੇ ਹਨ। ਉਹ ਇ ਹ ਭਰੋਸਾ ਕਰਦੇ ਹਨ ਕਾਂਗਰਸ ਦੀ ਮਜ਼ਬੂਤੀ ਤੋਂ ਬਿਨਾਂ ਭਾਜਪਾ ਨੂੰ ਸੱਤਾ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ।
ਇਹ ਦੱਸਿਆ ਗਿਆ ਹੈ ਕਿ ਕਿਸ਼ੋਰ ਨੇ ਕਿਹਾ ਕਿ ਮੋਦੀ ਅਜੇਤੂ ਨਹੀਂ ਹਨ ਜਿਵੇਂ ਕਿ ਮੀਡੀਆ ਅਤੇ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਉਨ੍ਹਾਂ ਦੀ ਯੋਜਨਾ ਮੁਤਾਬਕ ਕੰਮ ਕਰੇ ਤਾਂ 2024 ਵਿਚ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਗਾਂਧੀ ਪਰਿਵਾਰ ਨੂੰ ਯਾਦ ਦੁਆਇਆ ਕਿ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ਭਾਜਪਾ ਨੂੰ 22 ਕਰੋੜ ਵੋਟਾਂ ਪਈਆਂ ਸਨ। ਜਦੋਂ ਕਿ ਕਾਂਗਰਸ ਨੂੰ ਇਸ ਦੇ ਮੁਕਾਬਲੇ 11.94 ਕਰੋੜ ਵੋਟਾਂ ਮਿਲੀਆਂ। ਭਾਜਪਾ ਨੇ 303 ਸੀਟਾਂ ’ਤੇ ਜਿੱਤ ਹਾਸਲ ਕੀਤੀ ਪਰ ਕਾਂਗਰਸ ਸਿਰਫ 52 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ।
ਇਕ ਦਰਜਨ ਤੋਂ ਵੱਧ ਸੂਬਿਆਂ ਦੀਆਂ 170 ਸੀਟਾਂ ’ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਕਾਂਗਰਸ ਵਿਚਾਲੇ ਤਿੱਖਾ ਮੁਕਾਬਲਾ ਹੋਵੇਗਾ। ਉੱਤਰ ਅਤੇ ਪੱਛਮ ਜਿਥੇ ਕਾਂਗਰਸ ਅਤੇ ਭਾਜਪਾ ਵਿਚ ਸਿੱਧੀ ਟੱਕਰ ਹੈ, ਉਥੇ ਭਾਜਪਾ ਦਾ ਸਟ੍ਰਾਈਕਿੰਗ ਰੇਟ 90 ਫੀਸਦੀ ਹੈ। ਸੋਨੀਆ ਗਾਂਧੀ ਕਿਸ਼ੋਰ ਦੀ ਪ੍ਰੀਜ਼ੈਂਟੇਸ਼ਨ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਕਿਸ਼ੋਰ ਨੂੰ ਭਵਿੱਖ ਦੀ ਯੋਜਨਾ ’ਤੇ ਲਿਖਤੀ ਨੋਟ ਨਾਲ ਪਾਵਰ ਪੁਆਇੰਟ ਪ੍ਰੀਜ਼ੈਂਟੇਸ਼ਨ (ਪੀ. ਪੀ. ਪੀ.) ਲਈ ਕਿਹਾ। ਇਹ ਗਾਂਧੀ ਪਰਿਵਾਰ ਨੂੰ 18 ਜੁਲਾਈ ਨੂੰ ਭੇਜ ਦਿੱਤਾ ਗਿਆ ਸੀ। ਇਸ ਵਿਸ਼ੇ ’ਤੇ ਚੋਟੀ ਦੇ ਆਗੂਆਂ ਦਰਮਿਆਨ ਚਰਚਾ ਸ਼ੁਰੂ ਹੋ ਗਈ ਹੈ। 2014 ਦੀਆਂ ਚੋਣਾਂ ਵਿਚ ਕਿਸ਼ੋਰ ਮੋਦੀ ਦੇ ਰਣਨੀਤੀਕਾਰ ਸਨ। ਇਸ ਤੋਂ ਇਲਾਵਾ ਉਨ੍ਹਾਂ ਅਰਵਿੰਦ ਕੇਜਰੀਵਾਲ, ਨਿਤੀਸ਼ ਕੁਮਾਰ, ਜਗਨਮੋਹਨ ਰੈੱਡੀ, ਐੱਮ. ਕੇ. ਸਟਾਲਿਨ, ਅਖਿਲੇਸ਼ ਯਾਦਵ ਅਤੇ ਇਸ ਸਾਲ ਮਮਤਾ ਬੈਨਰਜੀ ਲਈ ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾਈ ਹੈ।