ਫਰਿਜ਼ਨੋ (ਕੈਲੀਫੋਰਨੀਆ) -ਅਮਰੀਕਾ ’ਚ ਵੱਡੇ ਪੱਧਰ ’ਤੇ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਬਾਵਜੂਦ ਕਈ ਲੋਕ ਅਜਿਹੇ ਹਨ, ਜੋ ਟੀਕਾ ਨਹੀਂ ਲਗਵਾ ਰਹੇ। ਦੂਜੇ ਪਾਸੇ ਅਮਰੀਕਾ ’ਚ ਕੋਰੋਨਾ ਵਾਇਰਸ ਦੇ ਡੈਲਟਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਜ਼ਿਆਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਰਾਸ਼ਟਰਪਤੀ ਜੋਅ ਬਾਈਡੇਨ ਸ਼ਹਿਰਾਂ ਅਤੇ ਸਟੇਟਾਂ ਨੂੰ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ 100 ਡਾਲਰ ਦੀ ਪੇਸ਼ਕਸ਼ ਕਰਨ ਦੀ ਅਪੀਲ ਕਰ ਰਹੇ ਹਨ। ਰਾਸ਼ਟਰਪਤੀ ਵੱਲੋਂ ਇਹ ਅਪੀਲ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਵੱਲੋਂ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ 100 ਡਾਲਰ ਦੇਣ ਦੇ ਐਲਾਨ ਕਰਨ ਤੋਂ ਬਾਅਦ ਕੀਤੀ ਜਾ ਰਹੀ ਹੈ।
ਖਜ਼ਾਨਾ ਵਿਭਾਗ ਅਨੁਸਾਰ ਰਾਸ਼ਟਰਪਤੀ ਚਾਹੁੰਦੇ ਹਨ ਕਿ ਰਾਜ ਅਤੇ ਸਥਾਨਕ ਸਰਕਾਰਾਂ ਮਾਰਚ ’ਚ ਪਾਸ ਕੀਤੇ ਗਏ 1.9 ਟ੍ਰਿਲੀਅਨ ਡਾਲਰ ਦੇ ਰਾਹਤ ਬਿੱਲ ’ਚ ਸ਼ਾਮਲ ਰਾਹਤ ਫੰਡਾਂ ਤਹਿਤ 350 ਬਿਲੀਅਨ ਡਾਲਰ ਦੀ ਰਾਸ਼ੀ ’ਚੋਂ 100 ਡਾਲਰ ਦੇ ਭੁਗਤਾਨਾਂ ’ਤੇ ਵਿਚਾਰ ਕਰਨ, ਜਿਸ ਨਾਲ ਜ਼ਿਆਦਾਤਰ ਲੋਕ ਵੈਕਸੀਨ ਲਈ ਅੱਗੇ ਆ ਸਕਣ। ਸੀ. ਡੀ. ਸੀ. ਦੇ ਅੰਕੜਿਆਂ ਅਨੁਸਾਰ ਅਮਰੀਕਾ ਦੇ 69.4 ਫੀਸਦੀ ਬਾਲਗਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਅਤੇ 60.3 ਫੀਸਦੀ ਨੂੰ ਪੂਰੀ ਖੁਰਾਕ ਮਿਲੀ ਹੈ।