ਗੈਜੇਟ ਡੈਸਕ– ਨਵੇਂ ਆਈ.ਟੀ. ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਵਟਸਐਪ ਅਤੇ ਫੇਸਬੁੱਕ ਦੀ ਪਟੀਸ਼ਨ ’ਤੇ ਸੁਣਵਾਈ ਲਈ ਦਿੱਲੀ ਹਾਈ ਕੋਰਟ ਰਾਜੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਮਲੇ ਦੀ ਸੁਣਵਾਈ 27 ਅਗਸਤ ਨੂੰ ਹੋਵੇਗੀ। ਦੱਸ ਦੇਈਏ ਕਿ ਨਵੇਂ ਆਈ.ਟੀ. ਕਾਨੂੰਨ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਭ ਤੋਂ ਪਹਿਲਾਂ ਮੈਸੇਜ ਭੇਜਣ ਵਾਲੇ ਦੀ ਪਛਾਣ ਦੱਸਣਾ ਜ਼ਰੂਰੀ ਹੈ। ਨਵੇਂ ਆਈ.ਟੀ. ਕਾਨੂੰਨ ਨੂੰ ਲੈ ਕੇ ਫੇਸਬੁੱਕ ਅਤੇ ਵਟਸਐਪ ਦਾ ਕਹਿਣਾ ਹੈ ਕਿ ਇਹ ਯੂਜ਼ਰਸ ਦੀ ਪ੍ਰਾਈਵੇਸੀ ਦਾ ਉਲੰਘਣ ਹੈ ਅਤੇ ਇਸ ਨੂੰ ਲੈ ਕੇ ਕੋਰਟ ’ਚ ਪਟੀਸ਼ਨ ਪਾਈ ਗਈ ਹੈ।
ਮੁੱਖ ਜੱਜ ਡੀ.ਐੱਨ. ਪਟੇਲ ਅਤੇ ਜੱਜ ਜੋਤੀ ਸਿੰਘ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 27 ਅਗਸਤ ਦਾ ਦਿਨ ਤੈਅ ਕੀਤਾ ਹੈ। ਕੇਂਦਰ ਵਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਕੁਝ ਮੁਸ਼ਕਿਲ ’ਚ ਹਨ, ਇਸ ਲਈ ਸੁਣਵਾਈ ਮੁਲਤਵੀ ਕੀਤੀ ਜਾਵੇ। ਵਟਸਐਪ ਵਲੋਂ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਫੇਸਬੁੱਕ ਵਲੋਂ ਮੁਕੁਲ ਰੋਹਤਗੀ ਨੇ ਮਹਿਤਾ ਦੀ ਅਪੀਲ ਦਾ ਵਿਰੋਧ ਨਹੀਂ ਕੀਤਾ ਜਿਸ ਤੋਂ ਬਾਅਦ ਸੁਣਵਾਈ ਦੀ ਤਾਰੀਖ 27 ਅਗਸਤ ਤੈਅ ਹੋਈ ਹੈ।