ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਧਨਬਾਦ ਵਿਖੇ ਇਕ ਜੱਜ ਦੀ ਹੋਈ ਹੱਤਿਆ ਦਾ ਸ਼ੁੱਕਰਵਾਰ ਨੂੰ ਖੁਦ ਨੋਟਿਸ ਲਿਆ ਅਤੇ ਇਸ ਦੀ ਜਾਂਚ ਦੀ ਪ੍ਰਗਤੀ ਬਾਰੇ ਝਾਰਖੰਡ ਦੇ ਮੁੱਖ ਸਕੱਤਰ ਅਤੇ ਪੁਲਸ ਮੁਖੀ ਕੋਲੋਂ ਇਕ ਹਫਤੇ ਅੰਦਰ ਸਥਿਤੀ ਰਿਪੋਰਟ ਮੰਗੀ।
ਚੀਫ ਜਸਟਿਸ ਐੱਨ. ਵੀ. ਰਮੰਨਾ ਅਤੇ ਜਸਟਿਸ ਸੂਰਿਆਕਾਂਤ ’ਤੇ ਆਧਾਰਿਤ ਬੈਂਚ ਨੇ ਇਸ ਦੇ ਨਾਲ ਹੀ ਇਹ ਸਪੱਸ਼ਟ ਕਰ ਦਿੱਤਾ ਕਿ ਮਾਣਯੋਗ ਜੱਜ ਦੀ ਮੌਤ ਦੀ ਜਾਂਚ ’ਤੇ ਨਿਗਰਾਨੀ ਲਈ ਝਾਰਖੰਡ ਹਾਈ ਕੋਰਟ ਵਿਚ ਚੱਲ ਰਹੀ ਕਾਰਵਾਈ ਜਾਰੀ ਰਹੇਗੀ। ਉਹ ਮਾਮਲੇ ’ਤੇ ਇਸ ਲਈ ਖੁਦ ਨੋਟਿਸ ਲੈ ਰਹੇ ਹਨ ਕਿਉਂਕਿ ਜੁਡੀਸ਼ੀਅਲ ਅਧਿਕਾਰੀਆਂ ਅਤੇ ਕਾਨੂੰਨੀ ਭਾਈਚਾਰੇ ’ਤੇ ਹਮਲੇ ਦੀਆਂ ਘਟਨਾਵਾਂ ਦੇਸ਼ ਭਰ ਵਿਚ ਵਾਪਰ ਰਹੀਆਂ ਹਨ। ਇਸ ਮੁੱਦੇ ’ਤੇ ਵਿਸਤ੍ਰਿਤ ਜਾਂਚ ਦੀ ਲੋੜ ਹੈ। ਬੈਂਚ ਨੇ ਕਿਹਾ ਕਿ ਉਹ ਜੁਡੀਸ਼ੀਅਲ ਅਧਿਕਾਰੀਆਂ ਦੀ ਅਦਾਲਤੀ ਕੰਪਲੈਕਸ ਅੰਦਰ ਅਤੇ ਬਾਹਰ ਸੁਰੱਖਿਆ ਲਈ ਸੂਬਾਈ ਸਰਕਾਰਾਂ ਵੱਲੋਂ ਚੁੱਕੇ ਗਏ ਕਦਮਾਂ ਅਤੇ ਘਟਨਾ ਦੇ ਵਾਪਰ ਰਹੇ ਢੰਗ ਨੂੰ ਲੈ ਕੇ ਬੇਹੱਦ ਚਿੰਤਤ ਹੈ।