ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸ਼ਨੀਵਾਰ ਨੂੰ ਹੋਏ ਮੁਕਾਬਲੇ ‘ਚ ਇਕ ਸੀਨੀਅਰ ਕਮਾਂਡਰ ਸਮੇਤ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ‘ਚ ਸਭ ਤੋਂ ਵੱਡਾ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕੁਮਾਰ ਨੇ ਕਿਹਾ,”ਅੱਜ ਦੇ ਮੁਕਾਬਲੇ ‘ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਸਭ ਤੋਂ ਵੱਡੇ ਪਾਕਿਸਤਾਨੀ ਅੱਤਵਾਦੀ ਨੂੰ ਮਾਰਿਆ ਗਿਆ। ਦੂਜੇ ਅੱਤਵਾਦੀ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ।”
ਮੁਹੰਮਦ ਇਸਮਾਲ ਅਲਵੀ ਉਰਫ਼ ਅਦਨਾਨ ਮਸੂਦ ਅਜਹਰ ਦੇ ਪਰਿਵਾਰ ਤੋਂ ਹੈ। ਉਹ ਲੇਥਪੋਰਾ ਹਮਲੇ ਦੀ ਸਾਜਿਸ਼ ਅਤੇ ਯੋਜਨਾ ‘ਚ ਸ਼ਾਮਲ ਸੀ। ਉਹ ਆਤਮਘਾਤੀ ਹਮਲੇ ਦੇ ਦਿਨ ਤੱਕ ਆਦਿਲ ਡਾਰ ਨਾਲ ਰਿਹਾ। ਆਦਿਲ ਡਾਰ ਦੇ ਇਕ ਵਾਇਰਲ ਵੀਡੀਓ ‘ਚ ਉਸ ਦੀ ਆਵਾਜ਼ ਸੀ। ਕੁਮਾਰ ਨੇ ਬਾਅਦ ‘ਚ ਭਾਰਤੀ ਫ਼ੌਜ ਅਤੇ ਅਵੰਤੀਪੋਰਾ ਪੁਲਸ ਨੂੰ ਉਨ੍ਹਾਂ ਦੇ ਸਮਰਥਨ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸੁਰੱਖਿਆ ਫ਼ੋਰਸਾਂ ਨੇ ਦਾਚੀਗਾਮ ਜੰਗਲਾਤ ਖੇਤਰ ਦੇ ਹੰਗਲਮਰਗ ‘ਚ ਇਕ ਮੁਕਾਬਲੇ ਦੌਰਾਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਏ.ਕੇ. ਅਤੇ ਐੱਮ4 ਰਾਈਫਲਾਂ ਬਰਾਮਦ ਕੀਤੀਆਂ।