‘ਜੇਕਰ ਅਸੀਂ, ਇਸ ਸੰਸਾਰ ਵਿੱਚ, ਸਾਰਿਆਂ ਨੂੰ ਕੇਵਲ ਇਨਸਾਫ਼ ਹੀ ਵੰਡਣ ਲੱਗੇ ਫ਼ਿਰ ਉਸ ਤੋਂ ਬਚੂਗਾ ਕੌਣ? ਨਹੀਂ, ਇਸ ਤੋਂ ਬਿਹਤਰ ਹੈ ਫ਼ਰਾਖ਼ਦਿਲ ਬਣਨਾ ਅਤੇ ਅੰਤ ਨੂੰ ਲਾਹੇ ‘ਚ ਰਹਿਣਾ, ਕਿਉਂਕਿ ਇਹ ਦੂਸਰਿਆਂ ਦੇ ਮਨਾਂ ‘ਚ ਸਾਡੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਕਰਦੈ, ਅਤੇ ਪਿਆਰ ਵੀ।” ਅਜਿਹਾ ਸੋਚਣਾ ਸੀ ਅਮਰੀਕੀ ਲੇਖਕ ਮਾਰਕ ਟਵੇਨ ਦਾ। ਮੈਂ ਇਹ ਕਥਨ ਤੁਹਾਡੇ ਸਨਮੁੱਖ ਇਸ ਲਈ ਪੇਸ਼ ਕਰ ਰਿਹਾਂ ਕਿਉਂਕਿ ਇਹ ਉਸ ਚੁਣੌਤੀ ਦੇ ਸੰਦਰਭ ‘ਚ ਬਹੁਤ ਢੁੱਕਵਾਂ ਜਾਪਦੈ ਜਿਹੜੀ ਤੁਹਾਨੂੰ ਦਰਪੇਸ਼ ਹੈ। ਗ਼ਲਤ ਨੂੰ ਸਹੀ ਕਰਨਾ, ਨਿਰਸੰਦੇਹ, ਜ਼ਰੂਰੀ ਹੁੰਦੈ ਅਤੇ ਕਿਸੇ ਅਸਵੀਕਾਰਯੋਗ ਸਥਿਤੀ ਨਾਲ ਨਜਿੱਠਣਾ ਵੀ। ਪਰ ਉਸ ਤੋਂ ਵੀ ਵਧੇਰੇ ਮਹੱਤਵਪੂਰਨ ਹੈ ਅਜਿਹਾ ਪ੍ਰੇਮਪੂਰਵਕ ਕਰਨਾ ਅਤੇ ਘੱਟੋਘੱਟ ਥੋੜ੍ਹੀ ਸਦਭਾਵਨਾ ਨਾਲ ਕਰਨਾ। ਕਿਸੇ ਸੰਵੇਦਨਸ਼ੀਲ ਸਥਿਤੀ ਵਿੱਚ, ਜਿੰਨਾ ਤੁਸੀਂ ਸੋਚਦੇ ਹੋ, ਤੁਹਾਡੇ ਕੋਲ ਉਸ ਤੋਂ ਜ਼ਿਆਦਾ ਸ਼ਕਤੀ ਹੈ।

ਅਮਰੀਕੀ ਰੌਕ ਸੰਗੀਤਕਾਰ, ਗਿਟਾਰ ਵਾਦਕ, ਗਾਇਕ ਅਤੇ ਗੀਤਕਾਰ ਜਿਮੀ ਹੈਂਡ੍ਰਿਕਸ ਨੇ ਇੱਕ ਵਾਰ ਕਿਹਾ ਸੀ: ”ਜਦੋਂ ਪਿਆਰ ਦੀ ਤਾਕਤ, ਤਾਕਤ ਦੇ ਪਿਆਰ ‘ਤੇ ਭਾਰੂ ਹੋ ਜਾਵੇਗੀ, ਇਹ ਸੰਸਾਰ ਸ਼ਾਂਤੀ ਨੂੰ ਪਛਾਣ ਲਵੇਗਾ।” ਮੈਨੂੰ ਇਹ ਨਹੀਂ ਪਤਾ ਕਿ ਇਹ ਲਫ਼ਜ਼ ਕਹਿਣ ਵਾਲਾ ਉਹ ਇਸ ਦੁਨੀਆਂ ਦਾ ਪਹਿਲਾ ਵਿਅਕਤੀ ਸੀ ਜਾਂ ਨਹੀਂ, ਪਰ ਉਸ ਨੇ ਬਿਨਾ ਸ਼ੱਕ ਇਨ੍ਹਾਂ ਨੂੰ ਮਕਬੂਲੀਅਤ ਬਖ਼ਸ਼ੀ ਹੈ। ਅਤੇ ਇਨ੍ਹਾਂ ਸ਼ਬਦਾਂ ਨੂੰ ਦੂਰ-ਦੂਰ ਤਕ ਸੁਣਿਆ ਵੀ ਜਾਣਾ ਚਾਹੀਦੈ ਕਿਉਂਕਿ ਇਹ ਸਾਡੇ ‘ਚੋਂ ਕਈਆਂ ਦੇ ਬਹੁਤ ਕੰਮ ਆ ਸਕਦੇ ਹਨ। ਅਕਸਰ ਹੀ, ਸਾਡੇ ਰਿਸ਼ਤੇ ਜੰਗਾਂ ਬਣ ਜਾਂਦੇ ਨੇ ਅਤੇ ਸਾਡੀਆਂ ਭਾਵਨਾਵਾਂ ਰਾਹਤ ਦੀ ਬਜਾਏ ਕਲੇਸ਼ ਨੂੰ ਜਨਮ ਦਿੰਦੀਆਂ ਹਨ। ਫ਼ਿਰ ਵੀ ਤੁਸੀਂ ਉਨ੍ਹਾਂ ਵਿਚਲੇ ਸੰਤੋਖ ਨੂੰ ਪਛਾਣਨ ਦੀ ਕਾਬਲੀਅਤ ਰੱਖਦੇ ਹੋ। ਜੋ ਤੁਹਾਡੇ ਮਨ ‘ਚ ਹੈ, ਉਸ ਨੂੰ ਉਸ ‘ਤੇ ਪਹਿਲ ਦਿਓ ਜੋ ਇਸ ਵਕਤ ਤੁਹਾਡੇ ਦਿਮਾਗ਼ ‘ਚ ਚੱਲ ਰਿਹੈ।

ਮਹਾਨ ਯੂਨਾਨੀ ਲੇਖਕ ਐਰਿਸਟੋਟਲ ਨੇ ਇੱਕ ਜਗ੍ਹਾ ਲਿਖਿਆ ਸੀ, ”ਦੋਸਤੀ ਦਰਅਸਲ ਇੱਕ ਭਾਈਵਾਲੀ ਹੁੰਦੀ ਹੈ।” ਕੀ ਇਸ ਦਾ ਉਲਟ ਵੀ ਸੱਚ ਹੈ? ਕਿਉਂਕਿ ਜਦੋਂ ਵੀ ਦੋ ਵਿਅਕਤੀ ਕੋਈ ਸ਼ੈਅ ਸਿਰਜਣ ਲਈ ਇਕੱਠਿਆਂ ਕੰਮ ਕਰਦੇ ਹਨ, ਬੇਸ਼ੱਕ ਉਹ ਕਿਸੇ ਵਪਾਰ ਦੇ ਸਿਲਸਿਲੇ ‘ਚ ਹੋਵੇ, ਕਿਸੇ ਰਚਨਾਤਮਕ ਪ੍ਰੌਜੈਕਟ ਲਈ ਜਾਂ ਭਾਨਾਤਮਕ ਤੌਰ ‘ਤੇ ਇੱਕ-ਦੂਜੇ ਦੇ ਲਾਗੇ ਰਹਿਣ ਲਈ ਕਿਸੇ ਪ੍ਰਬੰਧ ਦੌਰਾਨ; ਉਨ੍ਹਾਂ ਦੀ ਸਫ਼ਲਤਾ ਇੱਕ-ਦੂਸਰੇ ਦੀ ਕਦਰ ਕਰਨ ਦੀ ਉਨ੍ਹਾਂ ਦੀ ਕਾਬਲੀਅਤ ਨਿਰਧਾਰਿਤ ਕਰੇਗੀ। ਤੁਹਾਨੂੰ ਇਹ ਖ਼ਦਸ਼ਾ ਹੋ ਸਕਦੈ ਕਿ ਤੁਸੀਂ ਇਸ ਵਿੱਚ ਬਹੁਤ ਜ਼ਿਆਦਾ ਦੇਣ ਅਤੇ ਬਦਲੇ ‘ਚ ਬਹੁਤ ਘੱਟ ਪ੍ਰਾਪਤ ਕਰਨ ਦਾ ਖ਼ਤਰਾ ਉਠਾ ਰਹੇ ਹੋ, ਪਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਜਿੰਨਾ ਤੁਹਾਨੂੰ ਅਹਿਸਾਸ ਹੈ ਉਸ ਤੋਂ ਕਿਤੇ ਵੱਧ ਤੁਹਾਨੂੰ ਵਾਪਿਸ ਦਿੱਤਾ ਜਾ ਰਿਹੈ।

”ਖ਼ੂਬਸੂਰਤੀ ਬੇਸ਼ੱਕ ਕਿਸੇ ਵੀ ਕਿਸਮ ਦੀ ਹੋਵੇ, ਜਦੋਂ ਆਪਣੇ ਪੂਰੇ ਜੋਬਨ ‘ਤੇ ਆਉਂਦੀ ਹੈ, ਹਮੇਸ਼ਾ ਸੰਵੇਦਨਸ਼ੀਲ ਰੂਹਾਂ ਨੂੰ ਰੁਆ ਜਾਂਦੀ ਹੈ,” ਇਹ ਕਹਿਣਾ ਸੀ ਲੇਖਕ ਐਡਗਰ ਐਲਨ ਪੋਅ ਦਾ। ਤੁਸੀਂ, ਬਾਵਜੂਦ ਆਪਣੇ ਵਕਤੀ ਇਨਕਾਰਾਂ ਦੇ, ਸੱਚਮੁੱਚ ਬਹੁਤ ਹੀ ਜਜ਼ਬਾਤੀ ਪ੍ਰਾਣੀ ਹੋ। ਜੇਕਰ ਤੁਸੀਂ ਸੰਵੇਦਨਸ਼ੀਲ ਜਾ ਕਮਜ਼ੋਰ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਕਾਰਨ ਜ਼ਰੂਰੀ ਨਹੀਂ ਇਹ ਹੋਵੇ ਕਿ ਕੋਈ ਚੀਜ਼ ਤੁਹਾਨੂੰ ਉਦਾਸ ਕਰ ਰਹੀ ਹੈ; ਇਸ ਤੋਂ ਵੀ ਵੱਧ ਤੁਸੀਂ ਉਸ ਸਥਿਤੀ ਵਿਚਲੀ ਅਸਲੀ ਡੂੰਘਾਈ, ਕੀਮਤ ਅਤੇ ਸੰਭਾਵਨਾ ਦੇਖ ਸਕਦੇ ਹੋ ਜਿਸ ਨੂੰ ਬੇਕਾਰ ਸਮਝ ਕੇ ਅਣਗੌਲਿਆਂ ਕੀਤਾ ਜਾ ਰਿਹੈ। ਉਸ ਲਈ ਆਪਣੀ ਕਦਰਦਾਨੀ ਸਹਿਜੇ ਢੰਗ ਨਾਲ ਜ਼ਾਹਿਰ ਕਰੋ, ਅਤੇ ਤੁਸੀਂ ਨਿਸ਼ਚਿਤ ਹੀ ਇੱਕ ਜਾਦੂਈ ਪ੍ਰਤੀਕਿਰਿਆ ਜਗਾਓਗੇ।

ਮੈਰੀ ਕੇਅ ਐਸ਼ (ਮੇਕ-ਅਪ ਬਣਾਉਣ ਵਾਲੀ ਕੰਪਨੀ Mary Kay Cosmetics Inc. ਦੀ ਮਾਲਕਣ) ਨੇ ਇੱਕ ਵਾਰ ਕਿਹਾ ਸੀ, ”ਹਰ ਕੋਈ ਪ੍ਰਸ਼ੰਸਾ ਚਾਹੁੰਦੈ, ਸੋ ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਉਸ ਨੂੰ ਗੁਪਤ ਨਾ ਰੱਖੋ)।” ਇਸ ਕਥਨ ਤੋਂ ਸਪੱਸ਼ਟ ਹੈ ਕਿ ਮਨੁੱਖੀ ਸੁਭਾਅ ਸਬੰਧੀ ਉਸ ਦੀ ਸਮਝ ਵੀ ਓਨੀ ਹੀ ਆਹਲਾ ਸੀ ਜਿੰਨਾ ਗੂੜ੍ਹਾ ਮੇਕ-ਅਪ ਨਾਲ ਉਸ ਦਾ ਰਿਸ਼ਤਾ। ਕੌਸਮੈਟਿਕਸ ਜਾਂ ਮੇਕ-ਅਪ ਦੇ ਖੇਤਰ ‘ਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਦਾ ਇੰਨੀ ਡੂੰਘੀ ਗੱਲ ਕਹਿ ਜਾਣਾ ਕਾਫ਼ੀ ਸਹੀ ਵੀ ਲੱਗਦੈ। ਕਿਉਂਕਿ ਦੂਸਰਿਆਂ ਪ੍ਰਤੀ ਪ੍ਰਸ਼ੰਸਾ ਜਾਂ ਸਤਿਕਾਰ ਦਾ ਇਜ਼ਹਾਰ ਕਰਨ ਤੋਂ ਵੱਧ ਖ਼ੂਬਸੂਰਤੀ ਹੋਰ ਕਿਸੇ ਗੱਲ ‘ਚ ਹੋ ਹੀ ਨਹੀਂ ਸਕਦੀ। ਇਸ ਵਕਤ ਜੇ ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ਨੂੰ ਮਾਲਾਮਾਲ ਕਰਨਾ ਚਾਹੁੰਦੇ ਹੋ, ਤੁਹਾਨੂੰ ਕੇਵਲ ਇੰਨਾ ਹੀ ਚੇਤੇ ਰੱਖਣ ਦੀ ਲੋੜ ਹੈ।