ਇੱਕ ਪੁਰਾਣੀ ਸਵੀਡਿਸ਼ ਅਖਾਣ ਹੈ, ਸਾਂਝੀ ਕੀਤਿਆਂ ਖ਼ੁਸ਼ੀ ਦੁੱਗਣੀ ਹੁੰਦੀ ਹੈ; ਸਾਂਝਾ ਕੀਤਿਆਂ ਦੁੱਖ ਅੱਧਾ। ਫ਼ਿਰ ਵੀ ਇੰਝ ਕਿਉਂ ਹੈ ਕਿ ਜਦੋਂ ਅਸੀਂ ਖ਼ੁਸ਼ ਹੁੰਦੇ ਹਾਂ ਤਾਂ ਉਸ ਬਾਰੇ ਦੂਜਿਆਂ ਨੂੰ ਦੱਸਣ ‘ਚ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ, ਪਰ ਅਸੀਂ ਕਿਸੇ ਨੂੰ ਵੀ ਇਹ ਦੱਸਣ ਤੋਂ ਹਮੇਸ਼ਾ ਗ਼ੁਰੇਜ਼ ਕਰਦੇ ਹਾਂ ਕਿ ਅਸੀਂ ਉਦਾਸ ਕਿਉਂ ਮਹਿਸੂਸ ਕਰ ਰਹੇ ਹਾਂ? ਸ਼ਾਇਦ ਇਸ ਲਈ ਕਿ ਅਸੀਂ ਆਪਣੇ ਦੋਸਤਾਂ ਅਤੇ ਸਨੇਹੀਆਂ ਨੂੰ ਤਨਾਅਜ਼ਦਾ ਨਹੀਂ ਕਰਨਾ ਚਾਹੁੰਦੇ। ਨਾ ਹੀ ਅਸੀਂ ਇੰਝ ਪ੍ਰਤੀਤ ਹੋਣ ਦੇਣਾ ਚਾਹੁੰਦੇ ਹਾਂ ਕਿ ਅਸੀਂ ਹਮਦਰਦੀ ਦੀ ਭਾਲ ‘ਚ ਹਾਂ। ਪਰ ਇਹ ਨਿਹਾਇਤ ਜ਼ਰੂਰੀ ਹੈ ਕਿ ਜਿਹੜੇ ਲੋਕ ਸਾਡੇ ਲਈ ਸਭ ਤੋਂ ਵੱਧ ਮਹੱਤਵ ਰੱਖਦੇ ਹਨ ਜਾਂ ਜਿਨ੍ਹਾਂ ਦੇ ਅਸੀਂ ਨੇੜੇ ਹੋਣਾ ਲੋਚਦੇ ਹਾਂ, ਅਸੀਂ ਹਮੇਸ਼ਾ ਉਨ੍ਹਾਂ ਨਾਲ ਸਪੱਸ਼ਟ, ਸਾਫ਼ਦਿਲ ਅਤੇ ਇਮਾਨਦਾਰ ਬਣੀਏ। ਸਾਹਸੀ ਬਣੋ, ਅਤੇ ਤੁਹਾਨੂੰ ਭਾਵਨਾਤਮਕ ਤੌਰ ‘ਤੇ ਨਿਵਾਜ਼ਿਆ ਜਾਵੇਗਾ!

ਕੀ ਤੁਸੀਂ ਕਦੇ ਕਿਸੇ ਦੇਵਆਤਮਾ ਜਾਂ ਇੱਛਾਵਾਂ ਦੀ ਪੂਰਤੀ ਕਰਨ ਵਾਲੀ ਪਰੀ ਨੂੰ ਤੱਕਿਐ? ਕੀ ਤੁਸੀਂ ਰੂਹਾਨੀ ਰਹਿਨੁਮਾਵਾਂ ਜਾਂ ਅਜਿਹੀ ਕਿਸੇ ਹੋਰ ਆਸਮਾਨੀ ਸਹਾਇਤਾ ਦੀ ਮੌਜੂਦਗੀ ਦਾ ਕੋਈ ਸਬੂਤ ਪੇਸ਼ ਕਰ ਸਕਦੇ ਹੋ? ਬਿਲਕੁਲ ਨਹੀਂ। ਅਜਿਹੀਆਂ ਸ਼ੈਵਾਂ ਅਦ੍ਰਿਸ਼ ਹੁੰਦੀਆਂ ਹਨ। ਪਰ ਇਸ ਦਾ, ਆਪਣੇ ਆਪ ‘ਚ, ਹਰਗਿਜ਼ ਇਹ ਅਰਥ ਨਹੀਂ ਕਿ ਉਨ੍ਹਾਂ ਦੀ ਕੋਈ ਹੋਂਦ ਹੀ ਨਹੀਂ। ਕਦੇ ਬਿਜਲੀ ਦੇਖੀ ਜੇ? ਗੈਸ ਦੇਖਣ ‘ਚ ਕਿਹੋ ਜਿਹੀ ਲੱਗਦੀ ਹੈ? ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੀਆਂ ਪੋਸ਼ੀਦਾ ਜਾਂ ਛੁਪੀਆਂ ਹੋਈਆਂ ਸ਼ਕਤੀਆਂ ਸਰਗਰਮ ਰਹਿੰਦੀਆਂ ਨੇ, ਅਤੇ ਉਨ੍ਹਾਂ ‘ਚੋਂ ਕੁਝ ਵਾਕਈ ਸੱਚੀਆਂ ਵੀ ਹੁੰਦੀਆਂ ਹਨ। ਮੈਂ ਇਹ ਮੁੱਦਾ ਇਸ ਲਈ ਉਠਾ ਰਿਹਾਂ ਕਿਉਂਕਿ ਮੈਨੂੰ ਲੱਗਦੈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਯੋਜਨਾਵਾਂ ‘ਚ ਕਿਸੇ ਅਤਿਰਿਕਤ ਮਦਦਗ਼ਾਰ ਹੱਥ ਲਈ ਥੋੜ੍ਹੀ ਗੁੰਜਾਇਸ਼ ਰੱਖੋ। ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ, ਉਹ ਇੱਥੇ ਹੀ ਮੌਜੂਦ ਹੈ।

ਸਾਡੇ ‘ਚੋਂ ਕੋਈ ਵੀ ਕਿੰਨੀ ਕੁ ਵਾਰ ਸੱਚਮੁੱਚ ਇਹ ਯਕੀਨ ਨਾਲ ਕਹਿ ਸਕਦੈ ਕਿ ਕੋਈ ਵਿਅਕਤੀ ਜਾਂ ਘਟਨਾ ਬਿਲਕੁਲ ਹੀ ਬੁਰਾ ਜਾਂ ਬੁਰੀ ਹੈ? ਕਦੇ ਕਦਾਈਂ, ਬਹੁਤ ਹੀ ਘੱਟ, ਅਸੀਂ ਇਸ ਬਾਰੇ ਪੂਰੀ ਤਰ੍ਹਾਂ ਸਹੀ ਹੋ ਸਕਦੇ ਹਾਂ। ਕੁੱਲ ਮਿਲਾ ਕੇ, ਆਮ ਤੌਰ ‘ਤੇ, ਸਾਨੂੰ ਸਾਵਧਾਨ ਰਹਿਣਾ ਚਾਹੀਦੈ। ਅਸੀਂ ਖ਼ੁਦ ਬਾਰੇ, ਇੱਕ-ਦੂਜੇ ਬਾਰੇ ਅਤੇ ਜ਼ਿੰਦਗੀ ਬਾਰੇ ਫ਼ੈਸਲੇ ਸੁਣਾਉਣ ‘ਚ ਬਹੁਤ ਜਲਦਬਾਜ਼ੀ ਦਿਖਾਉਂਦੇ ਹਾਂ। ਬਿਨਾਂ ਸੋਚੇ-ਸਮਝੇ ਅਸੀਂ ਜਵਾਬ ਅਤੇ ਪ੍ਰਤੀਕਿਰਿਆਵਾਂ ਦਿੰਦੇ ਹਾਂ। ਇਸ ਵਕਤ ਤੁਹਾਨੂੰ ਗੰਭੀਰਤਾ ਨਾਲ ਇਹ ਵਿਚਾਰਣ ਦੀ ਬਹੁਤ ਸਖ਼ਤ ਲੋੜ ਹੈ ਕਿ ਸਹੀ ਕੀ ਹੈ ਅਤੇ ਗ਼ਲਤ ਕੀ। ਇਹ ਕਰਨ ਦਾ ਫ਼ਾਇਦਾ ਇਹ ਹੋਵੇਗਾ ਕਿ ਕੋਈ ਚੀਜ਼ ਤੁਹਾਨੂੰ ਭੈੜੀ ਨਾਲੋਂ ਜ਼ਿਆਦਾ ਚੰਗੀ ਲੱਗਣ ਲੱਗੇਗੀ।

ਕੁਝ ਲੋਕ ਆਪਣੀ ਭਾਵਨਾਤਮਕ ਕਮਜ਼ੋਰੀ ਨੂੰ ਛੁਪਾਉਣ ਖ਼ਾਤਿਰ ਆਪਣੀ ਸ਼ਖਸੀਅਤ ਕਰੜੀ ਕਰ ਲੈਂਦੇ ਹਨ। ਦੂਜੇ ਪਾਸੇ, ਕੁਝ ਲੋਕ ਹੁੰਦੇ ਤਾਂ ਓਨੇ ਹੀ ਰੱਖਿਆਤਮਕ ਨੇ, ਪਰ ਉਹ ਆਪਣੀ ਮਿਲਾਪੜੀ, ਮਿਲਨਸਾਰ ਸੰਵੇਦਨਸ਼ੀਲਤਾ ਕਾਇਮ ਰੱਖਣ ‘ਚ ਕਾਮਯਾਬ ਰਹਿੰਦੇ ਹਨ। ਪਰ ਉਨ੍ਹਾਂ ਦੀ ਉਸ ਸਤਹ ਤੋਂ ਥੋੜ੍ਹ ਹੇਠਾਂ ਖੁਰਚ ਕੇ ਦੇਖੋ, ਅਤੇ ਤੁਹਾਡਾ ਸਾਹਮਣਾ ਹੋਵੇਗਾ ਉਨ੍ਹਾਂ ਦੇ ਅੰਦਰੂਨੀ ਸੁਰੱਖਿਆ ਕਵਚ ਨਾਲ। ਤੁਹਾਡੀ ਜ਼ਿੰਦਗੀ ਵਿਚਲੇ ਕਿਸੇ ਖ਼ਾਸ ਵਿਅਕਤੀ ਨੂੰ ਇਸ ਵਕਤ ਭੇਦ ਪਾਉਣਾ ਮੁਸ਼ਕਿਲ ਸਾਬਿਤ ਹੋ ਰਿਹੈ। ਇਸ ਦਾ ਅਸਲ ਕਾਰਨ ਕੇਵਲ ਇੰਨਾ ਹੈ ਕਿ ਧੁਰ ਅੰਦਰ, ਉਹ ਬਹੁਤ ਘਬਰਾਏ ਹੋਏ ਹਨ। ਪਰ ਜੇਕਰ ਤੁਸੀਂ ਉਨ੍ਹਾਂ ਦੀ ਸਵੈ-ਸੁਰੱਖਿਆ ਦੀ ਦੀਵਾਰ ਦੇ ਪਾਰ ਜਾਣਾ ਚਾਹੁੰਦੇ ਹੋ, ਤੁਹਾਨੂੰ ਬਹੁਤ ਲੰਬਾ ਅਰਸਾ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ।

ਜ਼ਿੰਦਗੀ ਨੂੰ ਖ਼ੁਦ ਲਈ ਵਧੇਰੇ ਮੁਸ਼ਕਿਲ ਕਿਉਂ ਬਣਾਇਆ ਜਾਵੇ? ਤੁਸੀਂ ਆਪਣੇ ਅੰਦਰ ਨਿਰਾਸ਼ ਹੋਣ ਦੀ ਗੁਪਤ ਤੌਰ ‘ਤੇ ਇੱਕ ਆਦਤ ਛੁਪਾਈ ਬੈਠੇ ਹੋ, ਕੇਵਲ ਇਸ ਲਈ ਆਪਣੇ ਆਪ ਲਈ ਨਾਮੁਮਕਿਨ ਟੀਚੇ ਕਿਉਂ ਸੈੱਟ ਕੀਤੇ ਜਾਣ? ਕੀ ਸੌਖੀ ਸਫ਼ਲਤਾ, ਜਿਸ ਲਈ ਤੁਹਾਨੂੰ ਅੰਤ ‘ਚ ਪਛਤਾਣਾ ਪਵੇ, ਦਾ ਪਿੱਛਾ ਕਰਨ ਨਾਲੋਂ ਕਿਸੇ ਸ਼ਾਨਦਾਰ ਹਾਰ ਨੂੰ ਖਿੜੇ ਮੱਥੇ ਸਵੀਕਰਨਾ ਬਿਹਤਰ ਨਹੀਂ? ਮੈਂ ਇਹ ਸਿਰਫ਼ ਇਸ ਲਈ ਪੁੱਛ ਰਿਹਾਂ ਕਿਉਂਕਿ ਹੁਣ ਤੁਹਾਨੂੰ ਸੱਚਮੁੱਚ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਖ਼ੁਦ ਨੂੰ ਜਾਣਦੇ ਹੋ … ਔਰ ਇਸ ਨੂੰ ਛੋਟੀ ਗੱਲ ਨਾ ਸਮਝੋ ਕਿ ਇਹ ਵੀ ਮੁਮਕਿਨ ਹੈ ਤੁਹਾਡੇ ਦਿਲ ਦੀ ਮੁਰਾਦ ਪੂਰੀ ਹੋ ਜਾਵੇ। ਸੋ ਚੰਗੀ ਗੱਲ ਇਹੀ ਹੈ ਕਿ ਤੁਸੀਂ ਇਹ ਪੂਰੀ ਤਰ੍ਹਾਂ ਪੱਕਾ ਕਰ ਲਵੋ ਕਿ ਤੁਹਾਡਾ ਦਿਲ ਸਹੀ ਸ਼ੈਅ ‘ਤੇ ਟਿਕਿਆ ਹੋਇਐ!