ਨਵੀਂ ਦਿੱਲੀ— ਸਾਬਕਾ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਸੰਸਦ ਭਵਨ ਦੇ ਜਿਸ ਕਮਰੇ ਵਿਚ ਬੈਠਦੇ ਸਨ, ਹੁਣ ਉਹ ਮੌਜੂਦਾ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਮਿਲਿਆ ਹੈ। ਇਸ ਕਮਰੇ ਵਿਚ ਹੁਣ ਨੱਢਾ ਬੈਠਣਗੇ। ਸੰਸਦ ਭਵਨ ’ਚ ਭਾਜਪਾ ਦਫ਼ਤਰ ਦੇ ਕਮਰੇ ਨਾਲ ਇਹ ਕਮਰਾ ਲੱਗਦਾ ਹੈ। ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਲਾਲਕ੍ਰਿਸ਼ਨ ਅਡਵਾਨੀ ਵੀ ਇਸੇ ਕਮਰੇ ਵਿਚ ਬੈਠਿਆ ਕਰਦੇ ਸਨ। ਅਡਵਾਨੀ ਤੋਂ ਬਾਅਦ ਇਹ ਕਮਰਾ ਖਾਲੀ ਸੀ। ਹੁਣ ਇਹ ਕਮਰਾ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਮਿਲਿਆ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੈਸ਼ਨ ਦੌਰਾਨ ਨੱਢਾ ਇਸ ਕਮਰੇ ਵਿਚ ਬੈਠਣਗੇ। ਮੁਲਾਕਾਤ ਅਤੇ ਅਹਿਮ ਬੈਠਕਾਂ ਲਈ ਇਸ ਕਮਰੇ ਦਾ ਇਸਤੇਮਾਲ ਹੋਵੇਗਾ।
ਐੱਨ. ਡੀ. ਏ. ਦੇ ਪ੍ਰਧਾਨ ਦੇ ਨਾਅਤੇ ਅਟਲ ਜੀ ਜਦੋਂ ਪ੍ਰਧਾਨ ਮੰਤਰੀ ਨਹੀਂ ਸਨ, ਉਦੋਂ ਇਹ ਕਮਰ ਉਨ੍ਹਾਂ ਨੂੰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਦੀ ਨੇਮ ਪਲੇਟ ਵੀ ਇੱਥੇ ਲੱਗੀ ਰਹੀ। ਸਾਲ 2004 ਵਿਚ ਸੰਸਦ ਭਵਨ ਦਾ ਕਮਰਾ ਨੰਬਰ-4 ਵਾਜਪਾਈ ਨੂੰ ਅਲਾਟ ਕੀਤਾ ਗਿਆ ਸੀ। ਅਡਵਾਨੀ ਉਸ ਸਮੇਂ ਸੰਸਦ ਮੈਂਬਰ ਸਨ, ਇਸ ਦੌਰਾਨ ਅਡਵਾਨੀ ਵੀ ਇਸੇ ਕਮਰੇ ਵਿਚ ਬੈਠਦੇ ਸਨ। ਨੱਢਾ ਨੂੰ ਇਹ ਕਮਰਾ ਮਿਲਣ ਤੋਂ ਪਹਿਲਾਂ ਅਡਵਾਨੀ ਦੀ ਨੇਮ ਪਲੇਟ ਵੀ ਲਾਈ ਗਈ ਸੀ ਪਰ ਹੁਣ ਸਭ ਨੇਮ ਪਲੇਟ ਉਤਾਰ ਦਿੱਤੀ ਗਈ। ਇਸ ਕਮਰੇ ਦਾ ਇਸਤੇਮਾਲ ਮਰਹੂਮ ਨੇਤਾ ਅਟਲ ਜੀ ਨੇ ਬਹੁਤ ਘੱਟ ਕੀਤਾ ਸੀ, ਜਦਕਿ ਸਾਲ 2019 ਤੱਕ ਅਡਵਾਨੀ ਰੋਜ਼ਾਨਾ ਇਸ ਕਮਰੇ ਵਿਚ ਬੈਠਿਆ ਕਰਦੇ ਸਨ।