ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਦੇਸ਼ ‘ਚ ਨਕਾਰਾਤਮਕ ਵਾਤਾਵਰਣ ਬਣਾਉਣ ਅਤੇ ਪੇਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇਣ ਨੂੰ ਲੈ ਕੇ ਮੰਗਲਵਾਰ ਨੂੰ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ। ਭਾਜਪਾ ਨੇਤਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨਕਾਰਾਤਮਕ ਰਵੱਈਏ ਨੇ ਸੰਸਦ ‘ਚ ਆਮ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਨਹੀਂ ਹੋਣ ਦਿੱਤੀ। ਯੋਗੀ ਨੇ ਕਿਹਾ,”ਪਿਛਲੇ 2 ਦਿਨਾਂ ਤੋਂ ਵਿਰੋਧੀ ਧਿਰ ਪੇਗਾਸਸ ਮੁੱਦੇ ‘ਤੇ ਦੇਸ਼ ਦੇ ਵਾਤਾਵਰਣ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਸਿਰਫ਼ ਉਨ੍ਹਾਂ ਦੀ ਬੀਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕਾਂਗਰਸ ਸਰਕਾਰਾਂ ਆਪਣੇ ਕਾਰਜਕਾਲ ‘ਚ ਅਜਿਹਾ ਕਰਦੀਆਂ ਰਹੀਆਂ ਹਨ ਅਤੇ ਹੁਣ ਪਾਰਟੀ ਵਿਰੋਧੀ ਧਿਰ ‘ਚ ਆ ਕੇ ਵੀ ਉਹੀ ਕਰ ਰਹੀ ਹੈ।”
ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਕੋਰੋਨਾ ਮਹਾਮਾਰੀ ਸੰਕਟ ਦੌਰਾਨ ਨਕਾਰਾਤਮਕ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਪੇਗਾਸਸ ਸਪਾਈਵੇਅਰ ਮੁੱਦਾ ਸੰਸਦ ਦੇ ਮਾਨਸੂਨ ਸੈਸ਼ਨ ‘ਚ ਹੰਗਾਮੇ ਦਾ ਕਾਰਨ ਬਣਿਆ ਹੋਇਆ ਹੈ। ਜਾਸੂਸੀ ਵਿਵਾਦ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਰਾਜਨੀਤੀ ਹੱਲਚੱਲ ਵਧ ਗਈ ਹੈ ਅਤੇ ਕੇਂਦਰ ਨੇ ਸੋਮਵਾਰ ਨੂੰ ਇਨ੍ਹਾਂ ਦੋਸ਼ਾਂ ਤੋਂ ਸਾਫ਼-ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਭਾਰਤੀ ਲੋਕਤੰਤਰ ਦੀ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਭਾਜਪਾ-ਕਾਂਗਰਸ ਦਰਮਿਆਨ ਜਾਰੀ ਜ਼ੁਬਾਨੀ ਜੰਗ ਦਰਮਿਆਨ ਮੁੱਖ ਵਿਰੋਧੀ ਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਦੇਣ ਦੀ ਵੀ ਮੰਗ ਕੀਤੀ ਹੈ।