ਨਵੀਂ ਦਿੱਲੀ- ਅਮਰੀਕਾ ਅਤੇ ਕੈਨੇਡਾ ਸਥਿਤ ਕੰਪਿਊਟਰ ਉਪਯੋਗਕਰਤਾਵਾਂ ਨੂੰ ਤਕਨੀਕੀ ਮਦਦ ਦੇਣ ਦੀ ਆੜ ‘ਚ ਉਨ੍ਹਾਂ ਨਾਲ ਠੱਗੀ ਕਰਨ ਦੇ ਦੋਸ਼ ‘ਚ ਪੱਛਮੀ ਦਿੱਲੀ ਦੇ ਮੋਤੀ ਨਗਰ ਖੇਤਰ ਤੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਭੁਵਨੇਸ਼ ਸਹਿਗਲ (30), ਹਰਪ੍ਰੀਤ ਸਿੰਘ (29), ਪੁਸ਼ਪੇਂਦਰ ਯਾਦਵ (26), ਸੌਰਭ ਮਾਥੁਰ (27), ਉਬੈਦ ਉਲਾਹ (25), ਸੁਰੇਂਦਰ ਸਿੰਘ (37), ਯੋਗੇਸ਼ (21), ਭਵਿਆ ਸਹਿਗਲ (25) ਅਤੇ ਗੁਰਪ੍ਰੀਤ ਸਿੰਘ (25) ਦੇ ਰੂਪ ‘ਚ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੋਤੀ ਨਗਰ ਦੇ ਸੁਦਰਸ਼ਨ ਪਾਰਕ ਤੋਂ ਅੰਤਰਰਾਸ਼ਟਰੀ ਆਨਲਾਈਨ ਠੱਗੀ ਦਾ ਗਿਰੋਹ ਚਲਾ ਰਹੇ ਹਨ।
ਪੁਲਸ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਖ਼ੁਦ ਨੂੰ ਇਕ ਵੱਡੀ ਸਾਫਟਵੇਅਰ ਕੰਪਨੀ ਦਾ ਅਧਿਕਾਰਿਕ ਤਕਨੀਕੀ ਮਦਦ ਅਧਿਕਾਰੀ ਦੱਸਦੇ ਸਨ ਅਤੇ ਮਦਦ ਕਰਨ ਦੇ ਨਾਮ ‘ਤੇ ਅਮਰੀਕਾ ਅਤੇ ਕੈਨੇਡਾ ਸਥਿਤ ਲੋਕਾਂ ਨੂੰ ਠੱਗਦੇ ਸਨ। ਪੁਲਸ ਡਿਪਟੀ ਕਮਿਸ਼ਨਰ ਉਰਵਿਜਾ ਗੋਇਲ ਨੇ ਕਿਹਾ,”ਸ਼ਨੀਵਾਰ ਨੂੰ ਪੁਲਸ ਨੇ ਇਕ ਸਥਾਨ ‘ਤੇ ਛਾਪਾ ਮਾਰਿਆ, ਜਿੱਥੇ ਕਈ ਲੋਕ ਕੰਮ ਕਰ ਰਹੇ ਸਨ। 9 ਲੋਕਾਂ ਨੂੰ ਖ਼ੁਦ ਨੂੰ ਮਾਈਕ੍ਰੋਸਾਫਟ ਦੇ ਤਕਨੀਕੀ ਮਦਦ ਅਧਿਕਾਰੀ ਦੱਸ ਕੇ ਫ਼ੋਨ ਕਰਦੇ ਹੋਏ ਦੇਖਿਆ ਗਿਆ। ਇਨ੍ਹਾਂ ‘ਚੋਂ 6 ਮਾਲਕ ਅਤੇ ਤਿੰਨ ਟੇਲੀ ਕਾਲਰ ਸਨ।” ਦੋਸ਼ੀ ਲੋਕਾਂ ਤੋਂ ਫਰਜ਼ੀ ਤਕਨੀਕੀ ਖ਼ਰਾਬੀ ਨੂੰ ਠੀਕ ਕਰਨ ਦੇ ਨਾਮ ‘ਤੇ ਪੈਸੇ ਠੱਗਦੇ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲੋਂ ਲੈਪਟਾਪ, ਮੋਬਾਇਲ ਫੋਨ, ਸਾਫ਼ਟਵੇਅਰ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ।