ਅੰਮ੍ਰਿਤਸਰ : ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਅੱਗੇ ਰੱਖੀ ਮੁਆਫ਼ੀ ਦੀ ਸ਼ਰਤ ’ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰੰਧਾਵਾ ਦਾ ਆਖਣਾ ਹੈ ਕਿ ਅਜਿਹੀਆਂ ਸ਼ਰਤਾਂ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਉਦੋਂ ਰੱਖੀਆਂ ਜਾਣੀਆਂ ਚਾਹੀਦੀਆਂ ਸਨ ਜਦੋਂ ਤਿੰਨ ਮੈਂਬਰੀ ਕਮੇਟੀ ਅਤੇ ਪਾਰਟੀ ਹਾਈਕਮਾਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਰੰਧਾਵਾ ਨੇ ਕਿਹਾ ਕਿ ਕਾਂਗਰਸ ਅਨੁਸ਼ਾਸਨ ਪਸੰਦ ਪਾਰਟੀ ਹੈ ਅਤੇ ਇਹ ਕਦੇ ਵੀ ਅਨੁਸ਼ਾਸਨਹੀਣਤਾ ਪਸੰਦ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ, ਉਸ ਸਮੇਂ ਕੈਪਟਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ, ਉਥੋਂ ਤਕ ਹਾਈਕਮਾਨ ਨੂੰ ਬਾਜਵਾ ਖ਼ਿਲਾਫ਼ ਕੰਨਾਂ ’ਚ ਉਂਗਲਾ ਦਿਵਾ ਦੇਣ ਵਾਲੀਆਂ ਚਿੱਠੀਆਂ ਭੇਜੀਆਂ ਸਨ। ਇਸ ਤੋਂ ਬਾਅਦ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਲਿਖ ਕੇ ਮੁਖਾਲਫਤ ਕਰਦੇ ਰਹੇ ਸਨ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਵੀ ਕੈਪਟਨ ਅਮਰਿੰਦਰ ਸਿੰਘ ਲਈ ਅਕਸਰ ਮਾੜੀ ਸ਼ਬਦਾਵਲੀ ਵਰਤਦੇ ਰਹੇ ਹਨ, ਫਿਰ ਵੀ ਕੈਪਟਨ ਅੱਜ ਇਨ੍ਹਾਂ ਦੇ ਨਾਲ ਹਨ। ਲਿਹਾਜ਼ਾ ਜਦੋਂ ਉਹ ਬਾਜਵਾ ਅਤੇ ਖਹਿਰਾ ਨੂੰ ਮੁਆਫ਼ ਕਰ ਸਕਦੇ ਹਨ ਫਿਰ ਉਹ ਨਵਜੋਤ ਸਿੱਧੂ ਨੂੰ ਕਿਉਂ ਨਹੀਂ ਮੁਆਫ਼ੀ ਦਿੰਦੇ।
ਰੰਧਾਵਾ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਹਨ, ਉਹ ਸਿਰਫ ਉਸ ਨੂੰ ਹੀ ਪ੍ਰਧਾਨ ਅਤੇ ਮੁੱਖ ਮੰਤਰੀ ਮੰਨਣਗੇ ਜਿਸ ਨੂੰ ਪਾਰਟੀ ਹਾਈਕਮਾਨ ਅਸ਼ੀਰਵਾਦ ਦੇਵੇਗੀ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਕਰਨ ਵਾਲੇ ਨਾਲ ਅਸੀਂ ਕਦੇ ਨਹੀਂ ਖੜ੍ਹਾਂਗੇ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਅੜੀ ਆਪਣੀ ਹਊਮੈ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਟਵੀਟ ਕਰਨੇ ਛੱਡ ਕੇ ਕਾਂਗਰਸ ਦੀ ਬਿਹਤਰੀ ਅਤੇ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।
ਤਿੱਖਾ ਬਿਆਨ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਹਿਲਾਂ ਹੀ ਕਿਹਾ ਹੈ ਕਿ ਜਿਹੜੇ ਡਰਪੋਕ ਹਨ, ਉਹ ਕਾਂਗਰਸ ਪਾਰਟੀ ਛੱਡ ਸਕਦੇ ਹਨ, ਇਸ ਤੋਂ ਬਹੁਤ ਕੁਝ ਸਾਫ਼ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸਿੱਧੂ ਅੱਗੇ ਰੱਖੀ ਗਈ ਸ਼ਰਤ ’ਤੇ ਹੈਰਾਨਗੀ ਜ਼ਾਹਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਇਕ ਸੁਲਝੇ ਹੋਏ ਆਗੂ ਹਨ, ਉਨ੍ਹਾਂ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਬ੍ਰਹਮ ਮਹਿੰਦਰਾ ਦਾ ਇਹ ਬਿਆਨ ਠੀਕ ਨਹੀਂ ਲੱਗਾ ਹੈ ਅਤੇ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ।