ਜਲੰਧਰ : ਕਾਂਗਰਸ ਲੀਡਰਸ਼ਿਪ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਕਰ ਦੇਣ ਤੋਂ ਬਾਅਦ ਹੁਣ ਕੈਬਨਿਟ ’ਚ ਫੇਰਬਦਲ ਵੱਲ ਸਾਰਿਆਂ ਦੀਆਂ ਨਜ਼ਰਾਂ ਟਿਕ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਆਪਣੇ ਭਰੋਸੇਯੋਗ ਲੋਕਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ’ਚ ਫੇਰਬਦਲ ’ਤੇ ਪਿਛਲੇ ਇਕ-ਡੇਢ ਮਹੀਨੇ ’ਚ ਵਾਪਰੀਆਂ ਘਟਨਾਵਾਂ ਦਾ ਅਸਰ ਪੈਣਾ ਸੁਭਾਵਿਕ ਹੈ। ਹਾਲਾਂਕਿ ਇਸ ਨੂੰ ਦੇਖਦੇ ਹੋਏ ਕੁਝ ਵਿਧਾਇਕਾਂ ਵੱਲੋਂ ਆਪਣੇ ਪੱਧਰ ’ਤੇ ਮੰਤਰੀ ਦਾ ਅਹੁਦਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ।
ਸਾਰੇ ਕਾਂਗਰਸੀ ਇਸ ਪਾਸੇ ਵੱਲ ਦੇਖ ਰਹੇ ਹਨ ਕਿ ਕੈਪਟਨ ਆਪਣੀ ਕੈਬਨਿਟ ਨੂੰ ਹੁਣ ਕਿਸ ਤਰ੍ਹਾਂ ਦਾ ਰੂਪ ਦਿੰਦੇ ਹਨ। ਇਸੇ ਤਰ੍ਹਾਂ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਦੀਆਂ ਨਜ਼ਰਾਂ ਵੀ ਮੁੱਖ ਮੰਤਰੀ ਵੱਲ ਟਿਕੀਆਂ ਹੋਈਆਂ ਹਨ ਕਿ ਇਸ ਫੇਰਬਦਲ ’ਚ ਕਿਸ ਮੰਤਰੀ ਦੀ ਛੁੱਟੀ ਹੁੰਦੀ ਹੈ ਤੇ ਕਿਸ ਨੂੰ ਨਵਾਂ ਮੌਕਾ ਦਿੱਤਾ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ 7-8 ਮਹੀਨਿਆਂ ਦਾ ਸਮਾਂ ਬਾਕੀ ਹੈ, ਅਜਿਹੇ ’ਚ ਮੁੱਖ ਮੰਤਰੀ ਦੀ ਕੋਸ਼ਿਸ਼ ਹੋਵੇਗੀ ਕਿ 5-6 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇ, ਜਿਸ ਨਾਲ ਜਨਤਾ ’ਚ ਚੰਗਾ ਪ੍ਰਭਾਵ ਜਾ ਸਕੇ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਣਨਾ ਹੈ ਕਿ ਕੈਪਟਨ ਵੱਲੋਂ ਫੇਰਬਦਲ ਨੂੰ ਲੈ ਕੇ ਅਗਲੇ 1-2 ਦਿਨਾਂ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਨਜ਼ੂਰੀ ਲੈ ਲਈ ਜਾਵੇਗੀ। ਹੁਣ ਇਹ ਦੇਖਣਾ ਬਾਕੀ ਹੈ ਕਿ ਸਿੱਧੂ ਵੱਲੋਂ ਪੰਜਾਬ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਕੈਬਨਿਟ ’ਚ ਫੇਰਬਦਲ ਕੀਤਾ ਜਾਂਦਾ ਹੈ ਜਾਂ ਬਾਅਦ ’ਚ। ਇਸ ਬਾਰੇ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਹੈ।