ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਚੀਨ ‘ਤੇ ਈਮੇਲ ਸਰਵਰ ਸਾਫਟਵੇਅਰ ‘ਮਾਈਕ੍ਰੋਸਾਫਟ ਐਕਸਚੇਜ਼’ ਹੈਕ ਕਰਨ ਦਾ ਦੋਸ਼ ਲਾਇਆ। ਇਲਜ਼ਾਮ ਹਨ ਕਿ ਇਸ ਸਾਲ ਦੇ ਸ਼ੁਰੂ ਵਿਚ ਦੁਨੀਆ ਭਰ ਦੇ ਲੱਖਾਂ ਕੰਪਿਊਟਰਾਂ ਨੂੰ ਹੈਕ ਕੀਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਅਤੇ ਸਹਿਭਾਗੀ ਦੇਸ਼ਾਂ ਨੇ ਵੀ ਬੀਜਿੰਗ ਤੋਂ ਵਿਆਪਕ ਪੈਮਾਨੇ ‘ਤੇ ਸਾਈਬਰ ਖ਼ਤਰੇ ਦਾ ਖ਼ੁਲਾਸਾ ਕੀਤਾ ਹੈ, ਜਿਸ ਵਿਚ ਸਰਕਾਰ ਨਾਲ ਜੁੜੇ ਹੈਕਰਾਂ ਵੱਲੋਂ ਰੈਨਸਮਵੇਅਰ ਹਮਲਾ ਸ਼ਾਮਲ ਹੈ, ਜਿਸ ਵਿਚ ਹੈਕਰਾਂ ਨੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਬਦਲੇ ਵਿਚ ਲੱਖਾਂ ਡਾਲਰ ਦੀ ਮੰਗ ਕੀਤੀ।
ਇਸ ਦੌਰਾਨ ਨਿਆਂ ਮੰਤਰਾਲਾ ਨੇ ਸੋਮਵਾਰ ਨੂੰ 4 ਚੀਨੀ ਨਾਗਰਿਕਾਂ ਖ਼ਿਲਾਫ਼ ਦੋਸ਼ਾਂ ਦਾ ਐਲਾਨ ਕੀਤਾ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਲੋਕ ਹੈਕਿੰਗ ਲਈ ਗ੍ਰਹਿ ਸੁੱਰਖਿਆ ਮੰਤਰਾਲਾ ਨਾਲ ਕੰਮ ਕਰ ਰਹੇ ਸਨ, ਜਿਸ ਵਿਚ ਕੰਪਨੀਆਂ, ਯੂਨੀਵਰਸਿਟੀਆਂ ਅਤੇ ਸਰਕਾਰੀ ਅਦਾਰਿਆਂ ਸਮੇਤ ਦਰਜਨਾਂ ਕੰਪਿਊਟਰ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਸੁੱਰਖਿਆ ਮੰਤਰਾਲਾ ਨਾਲ ਜੁੜੇ ਹੈਕਰਾਂ ਨੇ ਰੈਨਸਮਵੇਅਰ ਹਮਲਾ ਕੀਤਾ, ਜਿਸ ਨਾਲ ਅਮਰੀਕੀ ਸਰਕਾਰ ਹੈਰਾਨ ਅਤੇ ਚਿੰਤਤ ਹੈ।
ਯੂਰਪੀ ਯੂਨੀਅਨ ਅਤੇ ਯੂ.ਕੇ. ਨੇ ਵੀ ਚੀਨ ‘ਤੇ ਉਂਗਲ ਚੁੱਕੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਗੰਭੀਰ ਪ੍ਰਭਾਵ ਵਾਲੀਆਂ ਖ਼ਰਾਬ ਸਾਈਬਰ ਗਤੀਵਿਧੀਆਂ, ਜੋ ਬਲਾਕ ਦੇ 27 ਮੈਂਬਰ ਦੇਸ਼ਾਂ ਦੇ ਸਰਕਾਰੀ ਅਦਾਰਿਆਂ, ਰਾਜਨੀਤਿਕ ਸੰਗਠਨਾਂ ਅਤੇ ਪ੍ਰਮੁੱਖ ਉਦਯੋਗਾਂ ਨੂੰ ਨਿਸ਼ਾਨਾ ਬਣਾਉਦੀ ਹੈ, ਉਹ ਚੀਨ ਦੇ ਹੈਕਿੰਗ ਸਮੂਹਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸਕਿਓਰਿਟੀ ਸੈਂਟਰ ਨੇ ਕਿਹਾ ਕਿ ਇਨ੍ਹਾਂ ਸਮੂਹਾਂ ਨੇ ਅਮਰੀਕਾ, ਯੂਰਪ ਅਤੇ ਸਮੁੰਦਰੀ ਉਦਯੋਗਾਂ ਅਤੇ ਜਲ ਸੈਨਾ ਦੇ ਰੱਖਿਆ ਠੇਕੇਦਾਰਾਂ ਨੂੰ ਨਿਸ਼ਾਨਾ ਬਣਾਇਆ, ਨਾਲ ਹੀ ਫਿਨਲੈਂਡ ਦੀ ਸੰਸਦ ਨੂੰ ਵੀ ਇਨ੍ਹਾਂ ਨੇ ਨਿਸ਼ਾਨਾ ਬਣਾਇਆ ਹੈ।
ਇਕ ਬਿਆਨ ਵਿਚ ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੈਪ ਬੋਰਲ ਨੇ ਕਿਹਾ ਕਿ ਹੈਕਿੰਗ ‘ਬੌਧਿਕ ਜਾਇਦਾਦ ਦੀ ਚੋਰੀ ਅਤੇ ਜਾਸੂਸੀ ਦੇ ਮਕਸਦ ਨਾਲ ਚੀਨੀ ਖੇਤਰ ਤੋਂ ਕੀਤੀ ਗਈ ਸੀ।’ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਮਾਈਕ੍ਰੋਸਾਫਟ ਐਕਸਚੇਂਜ ਦੇ ਸਾਈਬਰ ਹਮਲੇ ਪ੍ਰੇਸ਼ਾਨ ਕਰਨ ਵਾਲੇ ਸਨ ਪਰ ਇਸ ਦਾ ਤਰੀਕਾ ਅਜਿਹਾ ਹੈ, ਜਿਸ ਤੋਂ ਅਸੀਂ ਜਾਣੂ ਹਾਂ। ਹਾਲ ਹੀ ਵਿਚ ਹੋਏ ਕੁਝ ਰੈਨਸਮਵੇਅਰ ਹਮਲਿਆਂ ਵਿਚ ਰੂਸ ਦੇ ਅਪਰਾਧੀ ਗੁੱਟਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਸੀ। ਮਾਈਕ੍ਰੋਸਾਫਟ ਐਕਸਚੇਂਜ ਹੈਕਿੰਗ ਦਾ ਪਤਾ ਪਹਿਲੀ ਵਾਰ ਜਨਵਰੀ ਵਿਚ ਲੱਗਾ ਸੀ ਅਤੇ ਨਿੱਜੀ ਖੇਤਰ ਦੇ ਸਮੂਹਾਂ ਨੇ ਇਸ ਲਈ ਚੀਨ ਦੇ ਸਾਈਬਰ ਜਾਸੂਸਾਂ ਨੂੰ ਦੋਸ਼ੀ ਠਹਿਰਾਇਆ ਸੀ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਨੈਸ਼ਨਲ ਸਕਿਓਰਿਟੀ ਏਜੰਸੀ ਅਤੇ ਸਾਈਬਰ ਸੁਰੱਖਿਆ ਅਤੇ ਬੁਨਿਆਦੀ ਸੁਰੱਖਿਆ ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਇਕ ਸਲਾਹ ਵਿਚ ਅਜਿਹੀ ਖ਼ਾਸ ਤਕਨੀਕ ਅਤੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨਾਲ ਸਰਕਾਰੀ ਏਜੰਸੀਆਂ ਅਤੇ ਕਾਰੋਬਾਰ ਆਪਣੀ ਰੱਖਿਆ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਮਾਈਕ੍ਰੋਸਾਫਟ ਐਕਸਚੇਂਜ ਹੈਕਿੰਗ ਦੇ ਬਾਰੇ ਪੁੱਛੇ ਜਾਣ ‘ਤੇ ਪਿਛਲੇ ਦਿਨੀਂ ਕਿਹਾ ਸੀ ਕਿ ਚੀਨ ਸਾਈਬਰ ਹਮਲੇ ਅਤੇ ਸਾਈਬਰ ਚੋਰੀ ਦੇ ਹਰ ਪ੍ਰਕਾਰ ਦਾ ਸਖ਼ਤ ਵਿਰੋਧ ਕਰਦਾ ਹੈ।