ਬੀਜਿੰਗ: ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਲੋਕਾਂ ਨੂੰ ਚੀਨ ਹੁਣ ਜਰਮਨੀ ਦੀ ਬੂਸਟਰ ਡੋਜ਼ ਦੇਣ ਦੀ ਤਿਆਰੀ ਕਰ ਰਿਹਾ ਹੈ। ਚੀਨ ਦੇ ਫੋਸੁਨ ਫਾਰਮਾ ਅਤੇ ਜਰਮਨੀ ਦੇ ਬਾਇਓਐਨਟੈਕ ਵੱਲੋਂ ਵਿਕਸਿਤ ਐਮ.ਆਰ.ਐਨ.ਏ. ਵੈਕਸੀਨ ਦੀ ਬੂਸਟਰ ਡੋਜ਼ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਏਗੀ, ਜੋ ਚੀਨੀ ਵੈਕਸੀਨ ਲਗਵਾ ਚੁੱਕੇ ਹਨ। ਰਿਪੋਰਟ ਮੁਤਾਬਕ ਚੀਨੀ ਅਧਿਕਾਰੀ ਕਾਮਿਰਨਾਟੀ ਨਾਮ ਦੀ ਵੈਕਸੀਨ ਨੂੰ ਬੂਸਟਰ ਡੋਜ਼ ਦੇ ਤੌਰ ’ਤੇ ਇਸਤੇਮਾਲ ਕਰਨ ਦਾ ਵਿਚਾਰ ਕਰ ਰਹੇ ਹਨ।
ਇਸ ਵੈਕਸੀਨ ਦਾ ਇਸਤੇਮਾਲ ਆਮ ਤੌਰ ’ਤੇ ਅਮਰੀਕਾ ਅਤੇ ਯੂਰਪ ਵਿਚ ਕੀਤਾ ਜਾ ਰਿਹਾ ਹੈ ਪਰ ਫੋਸੁਨ ਕੋਲ ਚੀਨ ਵਿਚ ਵੈਕਸੀਨ ਦੇ ਨਿਰਮਾਣ ਅਤੇ ਵੰਡ ਦਾ ਵਿਸ਼ੇਸ਼ ਅਧਿਕਾਰ ਹੈ। ਉਥੇ ਹੀ ਬਾਇਓਐਨਟੈਕ ਦੀ ਵੈਕਸੀਨ ਮੌਜੂਦਾ ਸਮੇਂ ਵਿਚ ਚੀਨ ਸਰਕਾਰ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੀ ਹੈ। ਇਹ ਟੀਕਾ ਵਾਇਰਸ ਦੇ ਪ੍ਰਤੀ 95 ਫ਼ੀਸਦੀ ਤੱਕ ਪ੍ਰਭਾਵਸ਼ਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਨੇ ਦਾਅਵਾ ਕੀਤਾ ਹੈ ਕਿ ਉਹ 140 ਕਰੋੜ ਲੋਕਾਂ ਨੂੰ ਵੈਕਸੀਨ ਲਗਾ ਚੁੱਕਾ ਹੈ।