ਜਲੰਧਰ/ਸ੍ਰੀ ਆਨੰਦਪੁਰ ਸਾਹਿਬ —ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਮਿਲੇ ਸੰਕੇਤ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਇਕ ਟਵੀਟ ਕਰਕੇ ਸਵਾਲ ਚੁੱਕੇ ਹਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੀ ਆਬਾਦੀ ਦੀ ਬਣਤਰ ਫ਼ੀਸਦੀ ਦਰ ਦੇ ਹਿਸਾਬ ਨਾਲ ਸਾਂਝੀ ਕਰਦੇ ਲਿਖਿਆ ਕਿ ਸਮਾਜਿਕ ਬਾਰਬਰੀ ਜ਼ਰੂਰੀ ਹੈ। ਇਸ ਟਵੀਟ ਨੂੰ ਇਸ ਗੱਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੱਟ ਸਿੱਖ ਹਨ ਤਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਜੱਟ ਸਿੱਖ ਲਾਉਣਾ ਕਿੱਥੋਂ ਤੱਕ ਵਾਜਬ ਹੈ।
ਇਥੇ ਦੱਸ ਦੇਈਏ ਕਿ ਸਿੱਧੇ ਤੌਰ ’ਤੇ ਮੁਨੀਸ਼ ਤਿਵਾੜੀ ਨੇ ਨਵੋਜਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਜਾਣ ਦੀਆਂ ਚਰਚਾਵਾਂ ਨੂੰ ਲੈ ਕੇ ਸਿੱਧੂ ’ਤੇ ਨਿਸ਼ਾਨਾ ਸਾਧਿਆ ਹੈ। ਅਜੇ ਪੰਜਾਬ ’ਚ ਸਿੱਖ ਚਿਹਰੇ ਦੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਅਤੇ ਜੇਕਰ ਸਿੱਧੂ ਪ੍ਰਧਾਨ ਬਣੇ ਤਾਂ ਸੰਗਠਨ ਮੁਖੀ ਵੀ ਸਿੱਖ ਚਿਹਰਾ ਹੋਵੇਗਾ। ਅਜਿਹੇ ’ਚ ਸਾਫ਼ ਹੈ ਕਿ ਤਿਵਾੜੀ ਇਸ ਤਰ੍ਹਾਂ ਦੇ ਸਿਆਸੀ ਸਮੀਕਰਨ ਨਾਲ ਖ਼ੁਸ਼ ਨਹੀਂ ਹਨ।
ਤਿਵਾੜੀ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ’ਚ 57.75 ਫ਼ੀਸਦੀ ਸਿੱਖ ਆਬਾਦੀ ਹੈ ਜਦਕਿ 38.49 ਫ਼ੀਸਦੀ ਹਿੰਦੂ ਹਨ। ਇਸ ’ਚ ਸਿੱਖ ਅਤੇ ਹਿੰਦੂ ਮਿਲਾ ਕੇ 31.94 ਫ਼ੀਸਦੀ ਆਬਾਦੀ ਹੈ। ਉਨ੍ਹਾਂ ਨੇ ਲਿਖਿਆ ਕਿ ਹਿੰਦੂ ਅਤੇ ਸਿੱਖ ’ਚ ਨਹੁੰ-ਮਾਸ ਦਾ ਰਿਸ਼ਤਾ ਹੈ ਪਰ ਬਰਾਬਰੀ ਸਮਾਜਿਕ ਨਿਆਂ ਦੀ ਬੁਨਿਆਦ ਹੈ। ਜ਼ਾਹਿਰ ਤੌਰ ’ਤੇ ਤਿਵਾੜੀ ਸਿੱਖ ਚਿਹਰੇ ਨੂੰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਤੌਰ ’ਤੇ ਨਕਾਰਦੇ ਹੋਏ ਹਿੰਦੂ ਜਾਂ ਦਲਿਤ ’ਚੋਂ ਬਣਾਉਣ ਦਾ ਇਸ਼ਾਰਾ ਕਰ ਰਹੇ ਹਨ।