ਗੁਰਦਾਸਪੁਰ – ਪਾਕਿਸਤਾਨ ਆਪਣੀ ਡ੍ਰੋਨ ਨੀਤੀ ਤੋਂ ਅਜੇ ਤੱਕ ਬਾਜ਼ ਨਹੀਂ ਆ ਰਿਹਾ ਹੈ। ਇਸੇ ਨੀਤੀ ਦੇ ਚੱਲਦੇ ਅੱਜ ਫਿਰ ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਸੀਮਾ ’ਤੇ ਸਵੇਰੇ ਲਗਭਗ 4.26 ਵਜੇ ਇਕ ਡੋਰਨ ਡੇਰਾ ਬਾਬਾ ਨਾਨਕ ਟਾਊਨ ਪੋਸਟ ਦੇ ਕੋਲ ਵੇਖਿਆ ਗਿਆ।
ਸੂਤਰਾਂ ਦੇ ਅਨੁਸਾਰ ਅੱਜ ਸਵੇਰੇ ਲਗਭਗ 4.26 ਵਜੇ ਸੀਮਾ ਸੁਰੱਖਿਆ ਬਲ ਦੀ 10 ਬਟਾਲੀਅਨ ਦੇ ਜਵਾਨਾਂ ਨੇ ਡੇਰਾ ਬਾਬਾ ਨਾਨਕ ਟਾਊਨ ਪੋਸਟ ਦੇ ਕੋਲ ਇਕ ਡ੍ਰੋਨ ਨੂੰ ਪਾਕਿਸਤਾਨ ਵੱਲੋਂ ਭਾਰਤੀ ਸੀਮਾ ’ਚ ਆਉਂਦੇ ਵੇਖਿਆ। ਡਰੋਨ ਨੂੰ ਦੇਖਦੇ ਸਾਰ ਜਵਾਨਾਂ ਨੇ 4 ਰਾਊਂਡ ਫਾਇਰ ਕੀਤੇ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਪਾਕਿਸਤਾਨ ਦੀ ਖੋਖਰ ਬੰਦ ਪੋਸਟ ਤੋਂ ਚਲਾਇਆ ਜਾ ਰਿਹਾ ਸੀ ਅਤੇ ਮੁੜ ਇਸ ਨੂੰ ਉਸੇ ਪੋਸਟ ਤੋਂ ਵਾਪਸ ਜਾ ਕੇ ਉਤਰਿਆ ਗਿਆ। ਸੂਚਨਾ ਮਿਲਦੇ ਹੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਉਕਤ ਇਲਾਕੇ ’ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।