ਕੀ ਤੁਸੀਂ ਪਿਆਰ ਕੀਤੇ ਜਾਣ ਦੇ ਲਾਇਕ ਹੋ? ਕੀ ਤੁਸੀਂ ਢੇਰ ਸਾਰੀ ਪ੍ਰਸ਼ੰਸਾ, ਵਡਿਆਈ, ਸਹਿਨਸ਼ੀਲਤਾ, ਕਦਰਦਾਨੀ ਅਤੇ ਫ਼ਰਾਖ਼ਦਿਲੀ ਦੇ ਹੱਕਦਾਰ ਹੋ? ਤੁਸੀਂ ਬਿਲਕੁਲ ਹੋ! ਫ਼ਿਰ ਕਦੇ-ਕਦੇ ਇੰਝ ਕਿਉਂ ਮਹਿਸੂਸ ਹੁੰਦੈ ਜਿਵੇਂ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਬਹੁਤ ਹੀ ਸੌਖੀਆਂ ਆ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਹਾਸਿਲ ਕਰਨ ਲਈ ਤੁਹਾਨੂੰ ਬਹੁਤ ਸਖ਼ਤ ਜੱਦੋਜਹਿਦ ਕਰਨੀ ਪੈਂਦੀ ਹੈ? ਮੈਂ ਨਿਮਰਤਾ ਸਹਿਤ ਇੱਕ ਗ਼ੁਸਤਾਖ਼ੀ ਕਰਦਾ ਹੋਇਆ ਇਹ ਸੁਝਾਅ ਦੇਣਾ ਚਾਹਾਂਗਾ ਕਿ ਦੂਸਰਿਆਂ ਤੋਂ ਇਸ ਪੱਧਰ ਦਾ ਪਿਆਰ-ਸਤਿਕਾਰ ਆਕਰਸ਼ਿਤ ਕਰਨ ਦੀ ਕਾਬਲੀਅਤ ਦੀ ਹੋਂਦ ਬਿਲਕੁਲ ਇਹੀ ਪ੍ਰਤੀਕਿਰਿਆ ਮਹਿਸੂਸ ਕਰਨ, ਦੂਸਰਿਆਂ ਨੂੰ ਦੇਣ ਅਤੇ ਉਨ੍ਹਾਂ ਨਾਲ ਸਾਂਝੀ ਕਰਨ ਦੀ ਤੁਹਾਡੀ ਖ਼ੁਦ ਦੀ ਕਾਬਲੀਅਤ ਦੇ ਸਿੱਧੇ ਅਨੁਪਾਤ ‘ਚ ਹੁੰਦੀ ਹੈ। ਆਪਣੇ ਦਿਲ ਨੂੰ ਥੋੜ੍ਹਾ ਜਿੰਨਾ ਉਦਾਰ ਬਣਾਓ, ਅਤੇ ਕੋਈ ਦੂਸਰਾ ਵੀ ਤੁਹਾਡਾ ਇਹ ਅਹਿਸਾਨ ਚੁਕਾ ਦੇਵੇਗਾ।

ਕੁਝ ਨਿਆਣੇ ਯੋਜਨਾਬੱਧ ਤਰੀਕੇ ਨਾਲ ਪੈਦਾ ਹੁੰਦੇ ਹਨ। ਦੂਸਰੇ ਦੁਰਘਟਨਾਵਾਂ ਕਾਰਨ ਹੋ ਜਾਂਦੇ ਨੇ ਜਾਂ ਪੈਦਾ ਹੋ ਕੇ ਸਭ ਨੂੰ ਹੈਰਾਨ ਕਰ ਛਡਦੇ ਨੇ। ਕੀ ਕੁਦਰਤ ਇਨ੍ਹਾਂ ਸਥਿਤੀਆਂ ਨੂੰ ਮੱਦੇਨਜ਼ਰ ਰੱਖ ਕੇ ਸਾਡੇ ‘ਚੋਂ ਕਿਸੇ ਨੂੰ ਵੀ ਆਪਣੀਆਂ ਨਜ਼ਰਾਂ ‘ਚ ਉੱਚਾ ਜਾਂ ਨੀਵਾਂ ਸਮਝਦੀ ਹੈ? ਇਹ ਸ੍ਰਿਸ਼ਟੀ ਸਾਨੂੰ ਸਭ ਨੂੰ ਬਰਾਬਰ ਦਾ ਪਿਆਰ ਕਰਦੀ ਹੈ। ਸਾਡੇ ਸਾਰਿਆਂ ਨੂੰ ਇਸ ਧਰਤੀ ‘ਤੇ ਪੈਦਾ ਹੋਣ ਦਾ ਬਰਾਬਰ ਦਾ ਹੱਕ ਹੈ। ਅਸੀਂ ਸਾਰੇ ਹੀ ਇੱਕੋ ਜਿੰਨੀ ਇਲਾਹੀ ਮਦਦ ਦੇ ਹੱਕਦਾਰ ਹਾਂ। ਪਰ ਉਸ ਮਦਦ ਨੂੰ ਪ੍ਰਾਪਤ ਕਰਨ ਲਈ ਸਾਨੂੰ ਕੇਵਲ ਇੱਕ ਚੀਜ਼ ਕਰਨ ਦੀ ਲੋੜ ਹੈ। ਸਾਨੂੰ ਘੱਟੋ-ਘੱਟ ਪਹਿਲਾਂ ਇਸ ਸੰਭਾਵਨਾ ਨੂੰ ਕਬੂਲ ਕਰਨਾ ਪਵੇਗਾ ਕਿ ਇਸ ਬ੍ਰਹਿਮੰਡ ਨੂੰ ਸਾਡੀ ਸੱਚਮੁੱਚ ਪਰਵਾਹ ਹੈ, ਅਤੇ ਫ਼ਿਰ ਅਸੀਂ ਉਸ ਤੋਂ ਸਹਾਇਤਾ ਦੀ ਮੰਗ ਕਰ ਸਕਦੇ ਹਾਂ। ਤੁਹਾਡਾ ਨਜ਼ਰੀਆ ਅਸਧਾਰਣ ਰੂਪ ਨਾਲ ਪੁਖ਼ਤਾ ਅਤੇ ਤਿੱਖਾ ਹੈ। ਉਸ ‘ਚ ਵਿਸ਼ਵਾਸ ਕਰੋ, ਅਤੇ ਉਸ ਨੂੰ ਕੰਮੇ ਲਾਓ।

ਮਨੁੱਖੀ ਦਿਲ ਇੱਕ ਬਹੁਤ ਹੀ ਅਜੀਬੋ-ਗ਼ਰੀਬ ਅਤੇ ਰਹੱਸਮਈ ਸ਼ੈਅ ਹੈ। ਫ਼ਿਰ ਸਾਡੇ ‘ਚੋਂ ਕੋਈ ਵੀ ਸਹੀ ਢੰਗ ਨਾਲ ਇਹ ਸਮਝਾਉਣ ਦੀ ਉਮੀਦ ਕਿਵੇਂ ਕਰ ਸਕਦੈ ਕਿ ਅਸੀਂ ਜੋ ਸੋਚਦੇ ਹਾਂ ਉਹ ਕਿਉਂ ਸੋਚਦੇ ਹਾਂ? ਸਾਡੀਆਂ ਭਾਵਨਾਵਾਂ ਤਰਕ ਦੀ ਹਕੂਮਤ ਨਹੀਂ ਮੰਨਦੀਆਂ। ਅਸੀਂ ਆਪਣੀਆਂ ਆਦਿਕਾਲੀ, ਦਕੀਆਨੂਸੀ ਪ੍ਰਤੀਕਿਰਿਆਵਾਂ ਨੂੰ ਚਲਾਕ ਸਪੱਸ਼ਟੀਕਰਨਾਂ ਨਾਲ ਢਕਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਪਰ ਉਹ ਦਲੀਲਾਂ ਕਿਸੇ ਦੀਵਾਰ ਉੱਪਰ ਕੀਤੇ ਗਏ ਪੇਂਟ ਵਾਂਗ ਹੁੰਦੀਆਂ ਹਨ ਜਿਸ ਨਾਲ ਕਮਰੇ ਦੀ ਦਿਖ ਤਾਂ ਬਦਲ ਸਕਦੀ ਹੈ ਪਰ ਢਾਂਚੇ ‘ਤੇ ਰੱਤੀ ਭਰ ਵੀ ਫ਼ਰਕ ਨਹੀਂ ਪੈਂਦਾ। ਜੇਕਰ ਤੁਸੀਂ ਸੱਚਮੁੱਚ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਪਿਆਰੇ ਦੇ ਮਨ ਅੰਦਰ ਕੀ ਚੱਲ ਰਿਹੈ ਤਾਂ ਉਨ੍ਹਾਂ ਦੀ ਕਰਨੀ ਦੇਖੋ, ਕਥਨੀ ਨਹੀਂ।

ਕੀ ਵਿਰੋਧੀ ਨਜ਼ਰੀਆ ਰੱਖਣ ਵਾਲੇ ਦੋ ਲੋਕਾਂ ‘ਚੋਂ ਕਦੇ ਦੋਹੇਂ ਵੀ ਸਹੀ ਹੋ ਸਕਦੇ ਹਨ? ਮੈਂ ਇਹ ਇਸ ਲਈ ਨਹੀਂ ਪੁੱਛ ਰਿਹਾ ਕਿਉਂਕਿ ਮੈਂ ਤੁਹਾਡੇ ਸੰਸਾਰ ਵਿਚਲੇ ਕਿਸੇ ਵਿਵਾਦ ਦੇ ਅਸਲੀ ਕਾਰਨ ਵੱਲ ਤੁਹਾਡਾ ਧਿਆਨ ਦਿਵਾਉਣ ਦੀ ਉਮੀਦ ਲਾਈ ਬੈਠਾਂ। ਚੀਜ਼ਾਂ ਨੂੰ ਦੇਖਣ ਦਾ ਤੁਹਾਡਾ ਆਪਣਾ ਇੱਕ ਖ਼ਾਸ ਢੰਗ ਹੈ। ਕੋਈ ਹੋਰ ਉਨ੍ਹਾਂ ਹੀ ਚੀਜ਼ਾਂ ਨੂੰ ਬਿਲਕੁਲ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਦੈ। ਕੁਦਰਤੀ ਗੱਲ ਹੈ, ਤੁਸੀਂ ਚਾਹੁੰਦੇ ਹੋ ਕਿ ਉਹ ਦੂਜਾ ਬੰਦਾ ਕਹੇ, ‘ਜੀ ਹਜ਼ੂਰ, ਮੈਨੂੰ ਹੁਣ ਆਪਣੇ ਤੌਰ-ਤਰੀਕਿਆਂ ਦੀਆਂ ਖ਼ਾਮੀਆਂ ਦਿਖਣ ਲੱਗ ਪਈਆਂ ਹਨ, ਅਤੇ ਮੈਂ ਆਪ ਜੀ ਦੇ ਉਮਦਾ ਵਿਚਾਰਾਂ ਸਨਮੁੱਖ ਸਿਰ ਨਿਵਾਉਂਦਾਂ।’ ਦੂਸਰੇ ਧਿਰ ਦੀ ਇੱਛਾ ਵੀ ਇਹੋ ਕੁਝ ਸੁਣਨ ਦੀ ਹੀ ਹੈ। ਪਰ ਤੁਹਾਡੇ ‘ਚੋਂ ਕੋਈ ਵੀ ਪੂਰੀ ਤਰ੍ਹਾਂ ਸਹੀ ਜਾਂ ਗ਼ਲਤ ਨਹੀਂ, ਅਤੇ ਪ੍ਰਗਤੀ ਕੇਵਲ ਇਸ ਤੱਥ ਨੂੰ ਸਵੀਕਾਰਨ ਨਾਲ ਹੀ ਹੋਣ ਵਾਲੀ ਹੈ।

ਇਹ ਸੰਸਾਰ ਸਾਨੂੰ ਚਿੰਤਾ ਕਰਨ ਦੇ ਕਾਰਨ ਦੇਣ ਤੋਂ ਕਦੇ ਵੀ ਕਤਰਾਉਂਦਾ ਨਹੀਂ। ਜਿਵੇਂ ਕੁਦਰਤ ਨਵੇਂ ਦਰਖ਼ਤਾਂ, ਸ਼ਾਨਦਾਰ ਪੌਦਿਆਂ ਅਤੇ ਗ਼ਜ਼ਬ ਦੇ ਜਾਨਵਰਾਂ ਨੂੰ ਜਨਮ ਦਿੰਦੀ ਹੈ, ਠੀਕ ਉਸੇ ਤਰ੍ਹਾਂ ਦਾ ਗੁਣਵੱਤਾ ਨਿਯੰਤ੍ਰਣ ਉਹ ਚਿੰਤਾਵਾਂ ਦੇ ਕਾਰਨਾਂ ‘ਤੇ ਵੀ ਰੱਖਦੀ ਹੈ। ਇਸ ਨਾਲ ਉਹ ਚੰਗੇ ਦਿਖਦੇ ਹਨ ਅਤੇ ਮੰਨਣਯੋਗ ਲੱਗਦੇ ਨੇ। ਪ੍ਰਮਾਣਕਤਾ ਦੇ ਆਪਣੇ ਹਾਵ-ਭਾਵ ਕਾਇਮ ਰੱਖਣ ਲਈ ਸਾਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ ਤਾਂ ਕਿ ਅਸੀਂ ਉਨ੍ਹਾਂ ਚੁਣੌਤੀਆਂ ਦਾ ਸਹੀ ਢੰਗ ਨਾਲ ਮੁਕਾਬਲਾ ਕਰ ਸਕੀਏ ਜਿਹੜੀਆਂ ਉਹ ਸਾਡੇ ਸਾਹਮਣੇ ਖੜ੍ਹੀਆਂ ਕਰਦੇ ਹਨ। ਉਹ ਚੁਣੌਤੀ ਕੀ ਹੈ? ਇਸ ਦਾ ਕੋਈ ਹੋਰ ਵੀ ਬਿਹਤਰ ਕਾਰਨ ਲੱਭਣਾ ਕਿ ਸਾਨੂੰ ਕਿਉਂ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ।