ਯਕੀਨ, ਕਹਿਣਾ ਸੀ ਮਹਾਨ ਸ਼ਾਇਰ ਖ਼ਲੀਲ ਜਿਬਰਾਨ ਦਾ, ‘ਦਿਲ ‘ਚ ਵੱਸਿਆ ਇੱਕ ਨਖ਼ਲਿਸਤਾਨ ਹੈ, ਰੇਗਿਸਤਾਨ ਦੀ ਰੇਤਾ ਅਤੇ ਤਲਖ਼ ਗਰਮੀ ਵਿਚਕਾਰ ਮੌਜੂਦ ਇੱਕ ਸਰਸਬਜ਼ ਸਥਾਨ ਜਿੱਥੇ ਤੁਸੀਂ ਕੁਝ ਸੁਖਦ ਪਲ ਗੁਜ਼ਾਰ ਸਕਦੇ ਹੋ, ਪਰ ਜਿੱਥੇ ਸੋਚ ਦਾ ਕਾਫ਼ਲਾ ਕਦੇ ਵੀ ਨਹੀਂ ਪਹੁੰਚ ਸਕਦਾ।’ ਇਹ ਕਥਨ ਸੱਚ ਕਿਵੇਂ ਹੋ ਸਕਦੈ? ਸਾਡੇ ਦਿਮਾਗ਼ ਤਾਂ ਸਾਨੂੰ ਕਿਤੇ ਵੀ ਲੈ ਕੇ ਜਾ ਸਕਦੇ ਹਨ, ਕਿ ਨਹੀਂ? ਸਾਡੇ ਵਿਚਾਰ ਕਿਸੇ ਵੀ ਸਥਿਤੀ ਨੂੰ ਇਜਾਦ ਅਤੇ ਉਸ ਦੀ ਕਲਪਨਾ ਕਰ ਸਕਦੇ ਹਨ। ਇਹ ਤਾਂ ਸਾਨੂੰ ਅਜਿਹੇ ਗਹਿਰੇ ਤਜਰਬਿਆਂ ਤਕ ਵੀ ਲੈ ਕੇ ਜਾ ਸਕਦੇ ਹਨ ਜਿਹੜੇ ਸੱਚਮੁੱਚ ਮੰਨਣਯੋਗ ਲੱਗਣ। ਹਕੀਕਤ, ਪਰ, ਇਹ ਹੈ ਕਿ ਕਵੀ ਠੀਕ ਆਖ ਰਿਹੈ ਸਾਡੇ ਜ਼ਹਿਨ ਸੱਚੇ ਵਿਸ਼ਵਾਸ ਨੂੰ ਜਾਦੂ ਦੀ ਛੜੀ ਘੁੰਮਾ ਕੇ ਸਿਰਜ ਨਹੀਂ ਸਕਦੇ। ਇਹ ਸ਼ੈਅ ਤਾਂ ਕੇਵਲ ਅਤੇ ਹਮੇਸ਼ਾ ਦਿਲ ‘ਚੋਂ ਪੈਦਾ ਹੁੰਦੀ ਹੈ। ਅਤੇ ਦਿਲ ਕੇਵਲ ਅਤੇ ਹਮੇਸ਼ਾ ਓਦੋਂ ਹੀ ਸੁਣਿਆ ਜਾ ਸਕਦੈ ਜਦੋਂ ਸਿਰ ਚੁੱਪ ਹੋਵੇ। ਇਸ ਵਕਤ ਆਪਣੇ ਦਿਲ ਦੀ ਸੁਣੋ, ਅਤੇ ਤੁਸੀਂ ਸ਼ਾਇਦ ਬਹੁਤ ਕੁਝ ਸਿੱਖ ਵੀ ਜਾਓ।

ਇੱਕ ਵਾਰ ਦੀ ਗੱਲ ਹੈ ਉੱਤਰ ‘ਚੋਂ ਵਗਣ ਵਾਲੀ ਵਾਯੂ ਅਤੇ ਸੂਰਜ ਦਰਮਿਆਨ ਇਸ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਕਿ ਦੋਹਾਂ ‘ਚੋਂ ਵਧੇਰੇ ਤਾਕਤਵਰ ਕੋਣ ਹੈ। ਉਨ੍ਹਾਂ ਦੋਹਾਂ ਨੂੰ ਸੜਕ ‘ਤੇ ਤੁਰਿਆ ਜਾਂਦਾ ਇੱਕ ਰਾਹੀ ਦਿਖਾਈ ਦਿੱਤਾ ਜਿਸ ਨੇ ਇੱਕ ਭਾਰੀ ਭਰਮਕ ਓਵਰਕੋਟ ਪਹਿਨਿਆ ਹੋਇਆ ਸੀ। ਜੇਤੂ, ਉਨ੍ਹਾਂ ਦੋਹਾਂ ਨੇ ਫ਼ੈਸਲਾ ਕੀਤਾ, ਉਹ ਜਿਹੜਾ ਸਭ ਤੋਂ ਪਹਿਲਾਂ ਉਸ ਨੂੰ ਆਪਣਾ ਕੋਟ ਉਤਾਰਣ ਲਈ ਮਜਬੂਰ ਕਰ ਦੇਵੇ। ਹਵਾ ਨੂੰ ਪਹਿਲਾਂ ਮੌਕਾ ਦਿੱਤਾ ਗਿਆ, ਉਹ ਸ਼ੂਕੀ ਅਤੇ ਹਨ੍ਹੇਰੀ ਬਣ ਕੇ ਵੀ ਖ਼ੂਬ ਵਗੀ, ਪਰ ਰਾਹੀ ਨੇ ਆਪਣੇ ਕੋਟ ਨੂੰ ਮੁੱਠੀਆਂ ਨਾਲ ਹੋਰ ਵੀ ਘੁੱਟ ਕੇ ਫ਼ੜ ਲਿਆ। ਉਸ ਤੋਂ ਬਾਅਦ ਸੂਰਜ ਦੀ ਵਾਰੀ ਆਈ। ਉਸ ਨੇ ਆਹਿਸਤਾ-ਆਹਿਸਤਾ ਚੜ੍ਹਨਾ ਸ਼ੁਰੂ ਕੀਤਾ ਅਤੇ ਉਹ ਹੌਲੀ-ਹੌਲੀ ਆਪਣੀ ਚਮਕ ਵਧਾਉਣ ਲੱਗਾ। ਕੁਝ ਹੀ ਪਲਾਂ ‘ਚ ਕੋਟ ਉਤਰ ਚੁੱਕਾ ਸੀ! ਮੈਂ ਤੁਹਾਨੂੰ ਵੀ ਸੂਰਜ ਬਣਨ ਦੀ ਬੇਨਤੀ ਕਰਦਾਂ, ਨਾ ਕਿ ਵਾਯੂ। ਇੱਕਦਮ ਐਕਸ਼ਨ ‘ਚ ਨਾ ਆਓ। ਸਿਰਫ਼ ਮੁਸਕੁਰਾਓ ਅਤੇ ਆਪਣੀ ਕੁਦਰਤੀ ਗਰਮਾਇਸ਼ ਨਾਲ ਔਕੜਾਂ ਨੂੰ ਪਿਘਲਾਓ।

ਅੰਗ੍ਰੇਜ਼ੀ ਦੀ ਇੱਕ ਅਖਾਣ ਹੈ ਕਿ ਤੁਹਾਨੂੰ ਦੌੜ ਹਮੇਸ਼ਾ ਉਸ ਵਕਤ ਛੱਡ ਦੇਣੀ ਚਾਹੀਦੀ ਹੈ ਜਦੋਂ ਤੁਸੀਂ ਅੱਗੇ ਹੋਵੋ। ਪਰ ਤੁਸੀਂ ਪੱਕੀ ਤਰ੍ਹਾਂ ਇਹ ਕਿਵੇਂ ਦੱਸ ਸਕਦੇ ਹੋ ਕਿ ਤੁਸੀਂ ਅੱਗੇ ਹੋ ਜਾਂ ਨਹੀਂ? ਕਈ ਵਾਰ, ਅਸੀਂ ਇਸ ਗੱਲ ਬਾਰੇ ਬਿਲਕੁਲ ਨਿਸ਼ਚਿਤ ਹੁੰਦੇ ਹਾਂ ਕਿ ਅਸੀਂ ਜਿੱਤ ਰਹੇ ਹਾਂ, ਕੇਵਲ ਇਹ ਜਾਣ ਕੇ ਹੈਰਾਨ ਹੋਣ ਲਈ ਕਿ ਅਸੀਂ ਤਾਂ ਬੁਰੀ ਤਰ੍ਹਾਂ ਨਾਲ ਪੱਛੜ ਰਹੇ ਸਾਂ। ਕਈ ਵਾਰ, ਇੰਝ ਵੀ ਹੁੰਦੈ ਕਿ ਅਸੀਂ ਆਪਣੀਆਂ ਉਪਲਬਧੀਆਂ ਨੂੰ ਖ਼ੁਦ ਹੀ ਮਾਮੂਲੀ ਕਹਿ ਕੇ ਨਕਾਰ ਦਿੰਦੇ ਹਾਂ। ਸਿਰਫ਼ ਇੱਕ ਪਿੱਛਲਝਾਤ ਮਾਰਨ ‘ਤੇ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦੈ ਕਿ ਖ਼ੁਦ ਨੂੰ ਦਰਪੇਸ਼ ਮੁਸ਼ਕਿਲਾਂ ਨਾਲ ਅਸੀਂ ਕਿੰਨੇ ਵਧੀਆ ਢੰਗ ਨਾਲ ਨਜਿੱਠਿਆ ਸੀ। ਜੇਕਰ ਤੁਹਾਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਤੁਸੀਂ ਆਪਣੀ ਗੇਮ ‘ਚ ਇਸ ਵਕਤ ਅੱਗੇ ਹੋ ਤਾਂ ਬੇਸ਼ੱਕ ਮੁਕਾਬਲਾ ਬੰਦ ਕਰ ਦਿਓ। ਨਹੀਂ ਤਾਂ, ਕਾਹਲੀ ‘ਚ ਐਵੇਂ ਕਿਤੇ ਹਾਰ ਨਾ ਮੰਨ ਬੈਠਿਓ।

ਚੀਜ਼ਾਂ ਉਂਝ ਕਿਓਂ ਹਨ ਜਿਵੇਂ ਦੀਆਂ ਉਹ ਹਨ? ਨੌਬਤ ਇੱਥੋਂ ਤਕ ਕਿਵੇਂ ਪਹੁੰਚੀ? ਕੀ ਉਨ੍ਹਾਂ ਨੂੰ ਕੁਝ ਵੱਖਰਾ ਨਹੀਂ ਸੀ ਹੋਣਾ ਚਾਹੀਦਾ? ਤੁਹਾਡੇ ਕੋਲ ਤਬਦੀਲੀ ਲਿਆਉਣ ਦੀ ਤਾਕਤ ਅਤੇ ਮੌਕਾ ਦੋਹੇਂ ਹਨ। ਜੀਵਨ ਇਸ ਵਕਤ ਤੁਹਾਨੂੰ ਨਵੀਆਂ ਚੀਜ਼ਾਂ ਦਾ ਸਵਾਗਤ ਕਰਨ ਦੀ ਆਗਿਆ ਦੇ ਰਿਹੈ, ਪਰ ਇਸ ਤੋਂ ਪਹਿਲਾਂ ਕਿ ਤੁਸੀਂ ਹਰ ਸ਼ੈਅ ਹੀ ਬਦਲ ਕੇ ਰੱਖ ਦਿਓ, ਸ਼ਾਇਦ ਤੁਸੀਂ ਇਸ ਬਾਰੇ ਵੀ ਥੋੜ੍ਹਾ ਸੋਚ ਕੇ ਫ਼ੈਸਲਾ ਕਰਨਾ ਚਾਹੋ ਕਿ ਪੁਰਾਣੀ ਨਾਲ ਤੁਹਾਨੂੰ ਅਸਲ ‘ਚ ਮਸਲਾ ਕੀ ਸੀ। ਜਿਹੜੀ ਚੀਜ਼ ਪਹਿਲਾਂ ਤੋਂ ਹੀ ਹੋਂਦ ‘ਚ ਹੋਵੇ, ਉਸ ਵਿੱਚ ਨੁਕਸ ਕੱਢਣੇ ਬਹੁਤ ਸੌਖੇ ਹੁੰਦੇ ਨੇ। ਜੇਕਰ ਕਿਸੇ ਖ਼ਿਆਲ ਨੂੰ ਹਾਲੇ ਤਕ ਪੜਚੋਲਿਆ ਹੀ ਨਹੀਂ ਗਿਆ ਤਾਂ ਇਹ ਕਲਪਨਾ ਕਰਨੀ ਬਹੁਤ ਸੌਖੀ ਹੈ ਕਿ ਓਹੀ ਇੱਕੋ ਇੱਕ ਉੱਤਮ ਹੱਲ ਹੈ। ਜੋ ਵੀ ਤੁਹਾਡੇ ਕੋਲ ਹੈ ਉਸ ‘ਚ ਕੁਝ ਕੁ ਨੂੰ ਸਾਂਭ ਕੇ ਰੱਖਣਾ ਲਾਹੇਵੰਦ ਸਾਬਿਤ ਹੋ ਸਕਦੈ।

ਅਧਿਆਪਕ ਭਾਵੇਂ ਕਿੰਨੇ ਵੀ ਪਿਆਰ ਕਰਨ ਵਾਲੇ, ਸਨੇਹੀ ਅਤੇ ਆਪਣੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਕਿਓਂ ਨਾ ਹੋਣ, ਉਨ੍ਹਾਂ ਨੇ ਫ਼ਿਰ ਵੀ ਆਪਣੀ ਕਲਾਸ ਨੂੰ ਸਾਂਭਣਾ ਹੁੰਦੈ। ਜੇਕਰ ਉਹ ਇੱਕ ਵੀ ਨਿਆਣੇ ਨੂੰ ਗ਼ੁਸਤਾਖ਼ੀ ਕਰਨ ਦੀ ਥੋੜ੍ਹੀ ਬਹੁਤੀ ਢਿੱਲ ਦੇ ਬੈਠਣ ਤਾਂ ਬਾਕੀ ਦੀ ਸਾਰੀ ਕਲਾਸ ਵੀ ਉਹੋ ਕੁਝ ਹੀ ਕਰਨ ਲਈ ਪ੍ਰੇਰਿਤ ਹੋ ਜਾਵੇਗੀ। ਸੋ ਬਚਪਨ ਤੋਂ ਹੀ ਸਾਨੂੰ ਸਭ ਨੂੰ ਇਹ ਸਮਝਾਇਆ ਜਾਂਦੈ ਕਿ ਸਾਨੂੰ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦੈ ਜਿਵੇਂ ਦਾ ਦੂਸਰੇ ਕਰਦੇ ਹਨ ਅਤੇ ਜੇ ਅਸੀਂ ਨਹੀਂ ਕਰ ਸਕੇ ਤਾਂ ਫ਼ਿਰ ਨਤੀਜੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਇਸ ਵਿੱਚ ਫ਼ਿਰ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕਈ ਵਾਰ ਅਸੀਂ ਅਹੁਦੇਦਾਰਾਂ ਅਤੇ ਅਹੁਦਿਆਂ ਦੇ ਭੈਅ ‘ਚ ਹੀ ਵੱਡੇ ਹੁੰਦੇ ਹਾਂ। ਇੰਝ ਹੀ ਕਈ ਵਾਰ ਅਸੀਂ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਵੀ ਹਿਦਾਇਤਾਂ ਮੰਨਣ ਲਈ ਬਹੁਤ ਕਾਹਲੇ ਹੁੰਦੇ ਹਾਂ, ਓਦੋਂ ਵੀ ਜਦੋਂ ਸਾਨੂੰ ਭਲੀ ਪ੍ਰਕਾਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਇੰਝ ਕਰਨ ਦੀ ਸੱਚਮੁੱਚ ਹੀ ਕੋਈ ਲੋੜ ਨਹੀਂ। ਤੁਹਾਡੇ ਲਈ ਥੋੜ੍ਹਾ ਵਧੇਰੇ ਬਗ਼ਾਵਤੀ ਬਣਨਾ ਸਿਹਤਮੰਦ, ਸੂਝਵਾਨ ਅਤੇ ਸੰਭਾਵੀ ਤੌਰ ‘ਤੇ ਲਾਹੇਵੰਦ ਹੋਵੇਗਾ।