ਹੁਸ਼ਿਆਰਪੁਰ/ਮੁਕੇਰੀਆਂ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਸ ਤੋਂ ਬਾਅਦ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਖ਼ੇਤਰ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰੇਡ ਕੀਤੀ ਗਈ।ਇਸ ਦੌਰਾਨ ਬਜ਼ੁਰਗ ਬੀਬੀ ਸੁਰਿੰਦਰ ਦੇਵੀ (ਸਿੰਧਵਾਲ ਪਿੰਡ) ਦੀ ਬੀਬੀ ਵਲੋਂ ਸੁਖਬੀਰ ਸਾਹਮਣੇ ਰੋਣਾ ਰੋਇਆ। ਬੀਬੀ ਨੇ ਰੋਣਾ ਰੌਂਦੇ ਹੋਏ ਕਿਹਾ ਕਿ ਮੇਰੀ 25 ਏਕੜ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਗਿਆ ਹੈ ਤੇ ਮੈਂ ਸਬੰਧ ’ਚ ਇਕੱਲੀ ਨੇ ਧਰਨੇ ਵੀ ਦਿੱਤੇ। ਡੀ.ਸੀ.,ਐੱਸ.ਡੀ. ਐੱਮ ਨੂੰ ਵੀ ਮਿਲੀ ਪਰ ਬੀਬੀ ਨੇ ਕਿਹਾ ਕਿ ਮੇਰੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਬੀਬੀ ਨੇ ਕਿਹਾ ਕਿ ਇਸ ਸਬੰਧ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਭੇਜੇ ਪਰ ਉਨ੍ਹਾਂ ਨੇ ਵੀ ਕੁੱਝ ਨਹੀਂ ਕੀਤਾ ਅਤੇ ਉਨ੍ਹਾਂ ਕੋਲ ਹਰ ਚੀਜ਼ ਦਾ ਰਿਕਾਰਡ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਬਿਆਸ ਦਰਿਆ ’ਤੇ ਚੱਲ ਰਹੀ ਮਾਈਨਿੰਗ ’ਤੇ ਵੀ ਲਾਈਵ ਰੇਡ ਕੀਤੀ ਗਈ ਸੀ। ਇਸ ਦੌਰਾਨ ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਨਾਜਾਇਜ਼ ਤੌਰ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਇਵਰ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇ ਤੋਂ ਮਹਿਜ਼ ਇਕ ਕਿੱਲੋਮੀਟਰ ਦੂਰੀ ’ਤੇ ਹੋ ਰਹੀ ਸੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸੁਖਬੀਰ ਬਾਦਲ ’ਤੇ ਬਿਆਸ ਥਾਣੇ ਵਿਚ ਇਹ ਕਹਿੰਦੇ ਹੋਏ ਪਰਚਾ ਦਰਜ ਕੀਤਾ ਗਿਆ ਸੀ ਕਿ ਜਿਸ ਥਾਂ ’ਤੇ ਸੁਖਬੀਰ ਵਲੋਂ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਗਏ ਸਨ, ਉਹ ਬੇਬੁਨਿਆਦ ਸਨ ਅਤੇ ਇਹ ਖੱਡ ਸਰਕਾਰ ਵਲੋਂ ਬਕਾਇਦਾ ਅਲਾਟ ਕੀਤੀ ਗਈ ਸੀ, ਲਿਹਾਜ਼ਾ ਨਾਜਾਇਜ਼ ਮਾਈਨਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।